ਮੋਦੀ ਸਰਕਾਰ ਤੋਂ ਬੇਖੌਫ ਨੀਰਵ, ਐੱਫ.ਆਈ.ਆਰ. ਦੇ ਬਾਵਜੂਦ ਖੋਲੇ ਦੋ ਨਵੇਂ ਸਟੋਰ

Sunday, Feb 18, 2018 - 10:33 PM (IST)

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ ਮਹਾਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ 'ਤੇ ਸੀ.ਬੀ.ਆਈ. ਤੇ ਈ.ਡੀ. ਨੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਦੇਸ਼ ਭਰ 'ਚ ਈ.ਡੀ. ਨੇ 47 ਥਾਵਾਂ 'ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਮੁੰਬਈ 'ਚ ਪੀ.ਐੱਨ.ਬੀ. ਦੇ ਦਫਤਰ 'ਚ ਬੈਂਕਿੰਗ ਸਕਿਓਰਿਟੀ ਐਂਡ ਫਰਾਡ ਸੈਲ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਨੀਰਵ ਮੋਦੀ 'ਤੇ ਭਾਰਤ ਵਲੋਂ ਕੱਸੇ ਜਾ ਰਹੇ ਸ਼ਿੰਕਜੇ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। ਅਸਲ 'ਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਕੁਝ ਹੀ ਦਿਨ ਪਹਿਲਾਂ ਨੀਰਵ ਮੋਦੀ ਨੇ ਆਪਣੇ ਦੋ ਨਵੇਂ ਸਟੋਰ ਖੋਲੇ ਹਨ।
ਵਿਦੇਸ਼ 'ਚ ਖੁੱਲ੍ਹੇ ਦੋ ਨਵੇਂ ਸਟੋਰ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨਵੇਂ ਸਟੋਰਜ਼ ਨੀਰਵ ਮੋਦੀ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਖੋਲੇ ਗਏ ਹਨ। ਇਹ ਦੋ ਸਟੋਰ ਮਕਾਓ ਤੇ ਕੁਆਲਾਲੰਪੁਰ 'ਚ ਖੋਲੇ ਗਏ ਹਨ। ਸੀ.ਬੀ.ਆਈ. ਨੇ ਇੰਟਰਪੋਲ ਦੇ ਰਾਹੀਂ ਦੁਨੀਆ ਦੇ ਸਾਰੇ ਏਅਰਪੋਰਟਾਂ ਨੂੰ ਅਲਰਟ ਕਰ ਦਿੱਤਾ ਹੈ। ਜਿਵੇਂ ਹੀ ਨੀਰਵ ਮੋਦੀ ਕਿਸੇ ਵੀ ਏਅਰਪੋਰਟ ਤੋਂ ਵਿਦੇਸ਼ੀ ਉੱਡਾਣ ਭਰੇਗਾ, ਉਸ ਦੀ ਸੂਚਨਾ ਸੀ.ਬੀ.ਆਈ. ਨੂੰ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਦੇਸ਼ ਤੋਂ ਵਿਦੇਸ਼ ਤੱਕ ਨੀਰਵ ਮੋਦੀ ਦੀ ਤਲਾਸ਼ ਜਾਰੀ ਹੈ। ਦੱਸਣਯੋਗ ਹੈ ਕਿ ਨੀਰਵ ਮੋਦੀ 'ਤੇ ਐਲ.ਓ.ਯੂ. ਰਾਹੀਂ ਬੈਂਕਾਂ ਤੋਂ ਲੋਨ ਲੈਣ ਦਾ ਦੋਸ਼ ਹੈ।
ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਟਿਕਾਣਿਆਂ 'ਤੇ ਛਾਪੇਮਾਰੀ
ਈ.ਡੀ., ਸੀ.ਬੀ.ਆਈ. ਤੇ ਜਾਂਚ ਏਜੰਸੀਆਂ ਲਗਾਤਾਰ ਦੇਸ਼ਭਰ 'ਚ ਨੀਰਵ ਮੋਦੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਐਤਵਾਰ ਨੂੰ ਵੀ ਈ.ਡੀ. ਨੇ ਮਹਾਘੋਟਾਲੇ ਨਾਲ ਜੁੜੀਆਂ 47 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਨੀਰਵ ਮੋਦੀ ਦੇ ਪਾਰਟਨਰ ਮੇਹੁਲ ਚੋਕਸੀ ਦੇ ਰਾਏਪੁਰ ਸਥਿਤ ਸ਼ੋਅਰੂਮ 'ਚ ਸ਼ਨੀਵਾਰ ਦੇਰ ਰਾਤ ਛਾਪਾ ਮਾਰਿਆ ਤੇ ਕਰੀਬ 1.27 ਕਰੋੜ ਦੀ ਜ਼ਿਊਲਰੀ ਜ਼ਬਤ ਕੀਤੀ ਗਈ। ਸੂਤਰਾਂ ਮੁਤਾਬਕ ਈ.ਡੀ. ਨੇ ਅੰਬੁਜਾ ਮਾਲ ਸਥਿਤ ਸ਼ਾਪਰ ਸਟਾਪ ਸਥਿਤ ਗੀਤਾਂਜਲੀ ਜਵੈਲਰਜ਼ 'ਚ ਛਾਪਾ ਮਾਰ ਕੇ ਲਗਭਗ 1.27 ਲੱਖ ਦੀ ਜ਼ਿਊਲਰੀ ਜ਼ਬਤ ਕੀਤੀ।
ਦੁਨੀਆ ਭਰ ਦੇ ਹਵਾਈ ਅੱਡਿਆਂ ਨੂੰ ਨੋਟਿਸ
ਸੀ.ਬੀ.ਆਈ. ਨੇ ਮਹਾਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਫੜਨ ਲਈ ਇੰਟਰਪੋਲ ਦੀ ਮਦਦ ਮੰਗੀ ਹੈ। ਇਸ ਦੇ ਲਈ ਦੁਨੀਆ ਭਰ ਦੇ ਹਵਾਈ ਅੱਡਿਆਂ ਨੂੰ ਨੋਟਿਸ ਦਿੱਤਾ ਜਾ ਚੁੱਕਿਆ ਹੈ। ਜਿਸ ਨਾਲ ਨੀਰਵ ਮੋਦੀ ਕਿਤੇ ਵੀ ਜਾਣ ਦੀ ਕੋਸ਼ਿਸ਼ ਕਰੇ ਤਾਂ ਭਾਰਤੀ ਏਜੰਸੀਆਂ ਨੂੰ ਪਤਾ ਲੱਗ ਜਾਵੇਗਾ। ਹਾਲਾਂਕਿ ਨੀਰਵ ਮੋਦੀ ਅਜੇ ਵੀ ਕਿਥੇ ਹੈ ਇਸ ਗੱਲ ਦੀ ਸੀ.ਬੀ.ਆਈ. ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ।


Related News