PM ਮੋਦੀ ਭਲਕੇ ਰੁਜ਼ਗਾਰ ਮੇਲੇ ਦੇ ਅਧੀਨ ਕਰੀਬ 71 ਹਜ਼ਾਰ ਕਰਮਚਾਰੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Monday, May 15, 2023 - 01:35 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਰੁਜ਼ਗਾਰ ਮੇਲੇ ਦੇ ਅਧੀਨ ਕਰੀਬ 71 ਹਜ਼ਾਰ ਨਵੇਂ ਚੁਣੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਜਾਰੀ ਬਿਆਨ ਅਨੁਸਾਰ, ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਨਵੇਂ ਚੁਣੇ ਕਰਮਚਾਰੀਆਂ ਨੂੰ ਸੰਬੋਧਨ ਵੀ ਕਰਨਗੇ। ਪੀ.ਐੱਮ.ਓ. ਨੇ ਬਿਆਨ 'ਚ ਦੱਸਿਆ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਸਵੇਰੇ 10.30 ਵਜੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਨਵੀਂ ਭਰਤੀ ਕੀਤੇ ਗਏ ਲੋਕਾਂ ਨੂੰ ਲਗਭਗ 71 ਹਜ਼ਾਰ ਨਿਯੁਕਤੀ ਪੱਤਰ ਵੰਡਣਗੇ।'' ਇਹ ਰੁਜ਼ਗਾਰ ਮੇਲਾ ਦੇਸ਼ ਭਰ 'ਚ 45 ਥਾਵਾਂ 'ਤੇ ਆਯੋਜਿਤ ਕੀਤਾ ਜਾਵੇਗਾ। ਦੇਸ਼ ਭਰ ਤੋਂ ਚੁਣੇ ਗਏ ਇਹ ਨਵੇਂ ਕਰਮਚਾਰੀ ਭਾਰਤ ਸਰਕਾਰ ਦੇ ਅਧੀਨ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇਣਗੇ।
ਇਹ ਨਵੀਆਂ ਭਰਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਦੇ ਨਾਲ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਗ੍ਰਾਮੀਣ ਡਾਕ ਸੇਵਾ, ਡਾਕ ਇੰਸਪੈਕਟਰ, ਵਣਜ-ਸਹਿ-ਟਿਕਟ ਕਲਰਕ, ਜੂਨੀਅਰ ਕਲਰਕ-ਸਹਿ-ਟਾਈਪਿਸਟ, ਜੂਨੀਅਰ ਲੇਖਾ ਕਲਰਕ, ਟਰੈਕ ਮੇਂਟੇਨਰ, ਸਹਾਇਕ ਡਿਵੀਜ਼ਨ ਅਧਿਾਕਰੀ, ਲੋਅਰ ਡਿਵੀਜ਼ਨ ਕਲਰਕ, ਸਬ ਡਿਵੀਜ਼ਨਲ ਅਫ਼ਸਰ, ਟੈਕਸ ਸਹਾਇਕ, ਸਹਾਇਕ ਇਨਫੋਰਸਮੈਂਟ ਅਧਿਕਾਰੀ, ਇੰਸਪੈਕਟਰ, ਨਰਸਿੰਗ ਅਧਿਕਾਰੀ, ਫਾਇਰਮੈਨ, ਕਾਂਸਟੇਬਲ, ਹੈੱਡ ਕਾਂਸਟੇਬਲ, ਸਹਾਇਕ ਕਮਾਂਡੈਂਟ, ਪ੍ਰਿੰਸੀਪਲ, ਸਹਾਇਕ ਰਜਿਸਟਰਾਰ, ਸਹਾਇਕ ਪ੍ਰੋਫੈਸਰ ਆਦਿ ਅਹੁਦਿਆਂ 'ਤੇ ਹੋਣਗੀਆਂ। ਪੀ.ਐੱਮ.ਓ. ਨੇ ਕਿਹਾ ਕਿ ਰੁਜ਼ਗਾਰ ਮੇਲਾ, ਰੁਜ਼ਗਾਰ ਦੇ ਮੌਕੇ ਦੇਣ ਨੂੰ ਸਰਵਉੱਚ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ। ਬਿਆਨ 'ਚ ਕਿਹਾ ਗਿਆ ਹੈ,''ਰੁਜ਼ਗਾਰ ਮੇਲਾ ਰੁਜ਼ਗਾਰ ਦੇ ਮੌਕੇ ਦੇਣ 'ਚ ਹਰੇਕ ਰੂਪ 'ਚ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ 'ਚ ਹਿੱਸੇਦਾਰੀ ਲਈ ਸਾਰਥਕ ਮੌਕਾ ਪ੍ਰਦਾਨ ਕਰੇਗਾ।'' ਇਨ੍ਹਾਂ ਨਵੇਂ ਚੁਣੇ ਕਰਮਚਾਰੀਆਂ ਨੂੰ 'ਕਰਮਯੋਗੀ ਪ੍ਰਾਰੰਭ' ਦੇ ਮਾਧਿਅ ਨਾਲ ਖੁਦ ਨੂੰ ਸਿਖਲਾਈ ਦੇਣ ਲਈ ਮੌਕਾ ਮਿਲੇਗਾ, ਜੋ ਵੱਖ-ਵੱਖ ਵਿਭਾਗਾਂ 'ਚ ਸਾਰੀਆਂ ਨਵੀਆਂ ਨਿਯੁਕਤੀਆਂ ਲਈ ਇਕ ਆਨਲਾਈਨ ਓਰੀਏਂਟੇਸ਼ਨ ਕੋਰਸ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ