ਨਮਾਮੀ ਗੰਗੇ ਮਿਸ਼ਨ ਦੇ ਤਹਿਤ ਕੱਲ 6 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ PM ਮੋਦੀ
Monday, Sep 28, 2020 - 08:05 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਦੇ ਜ਼ਰੀਏ ਕੱਲ ਸਵੇਰੇ 11 ਵਜੇ ਨਮਾਮੀ ਗੰਗੇ ਮਿਸ਼ਨ ਦੇ ਤਹਿਤ ਉਤਰਾਖੰਡ 'ਚ ਛੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਗੰਗਾ ਨਦੀ 'ਚ ਕੀਤੇ ਗਏ ਸਭਿਆਚਾਰ, ਜੈਵ ਵਿਭਿੰਨਤਾ ਅਤੇ ਪੁਨਰ-ਸੁਰਜੀਤੀ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਗੰਗਾ ਦੇ ਪਹਿਲੇ ਅਜਾਇਬ-ਘਰ "ਗੰਗਾ ਅਵਲੋਚਨ" ਦਾ ਵੀ ਉਦਘਾਟਨ ਕਰਨਗੇ। ਅਜਾਇਬ-ਘਰ ਹਰਿਦੁਆਰ ਦੇ ਚੰਡੀਘਾਟ 'ਚ ਸਥਿਤ ਹੈ।
ਪੀ.ਐੱਮ. ਮੋਦੀ ਹਰਿਦੁਆਰ ਦੇ ਜਗਜੀਤਪੁਰ, ਸਰਾਈ, 'ਚ ਐੱਸ.ਟੀ.ਪੀ. ਪਲਾਂਟ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਜਗਜੀਤਪੁਰ 'ਚ ਸੀਵੇਜ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਣਗੇ। ਪੀ.ਐੱਮ. ਰਿਸ਼ੀਕੇਸ਼ ਦੇ ਲੱਕੜਘਾਟ 'ਤੇ 26 ਐੱਮ.ਐੱਲ.ਟੀ. ਐੱਸ.ਟੀ.ਪੀ. ਦਾ ਉਦਘਾਟਨ ਕਰਨਗੇ। ਸੂਬੇ 'ਚ ਹਰਿਦੁਆਰ, ਦੇਹਰਾਦੂਨ, ਟਿਹਰੀ, ਚਮੋਲੀ ਜ਼ਿਲ੍ਹੇ 'ਚ ਯੋਜਨਾਵਾਂ ਦਾ ਉਦਘਾਟਨ ਹੋਣਾ ਹੈ। ਇਹ ਸਾਰੇ ਪ੍ਰੋਜੈਕਟ ਤੈਅ ਸਮੇਂ 'ਤੇ ਪੂਰੇ ਕਰ ਲਏ ਗਏ ਹਨ।
ਜਗਜੀਤਪੁਰ ਹਰਿਦੁਆਰ 'ਚ 66 ਐੱਮ.ਐੱਲ.ਡੀ. ਅਤੇ 27 ਐੱਮ.ਐੱਲ.ਡੀ. ਦੇ ਦੋ ਪਲਾਂਟ ਹਨ। ਹਰਿਦੁਆਰ 'ਚ ਹੀ ਸਰਾਏ 'ਚ 18 ਐੱਮ.ਐੱਲ.ਡੀ. ਦਾ ਇੱਕ ਹੋਰ ਵੱਡਾ ਪਲਾਂਟ ਹੈ। ਮੁਨਿਕੀਰੇਤੀ ਪੰਜ ਐੱਮ.ਐੱਲ.ਡੀ., ਰਿਸ਼ੀਕੇਸ਼ ਚੰਦਰੇਸ਼ਵਰ ਨਗਰ 7.5 ਐੱਮ.ਐੱਲ.ਡੀ., ਲੱਕੜਘਾਟ ਰਿਸ਼ੀਕੇਸ਼ 'ਚ 26 ਐੱਮ.ਐੱਲ.ਡੀ., ਬਦਰੀਨਾਥ ਪੁੱਲ ਦੇ ਕੋਲ ਚਮੋਲੀ 'ਚ ਇੱਕ ਐੱਮ.ਐੱਲ.ਡੀ. ਦਾ ਪਲਾਂਟ ਤਿਆਰ ਕੀਤਾ ਗਿਆ ਹੈ।
ਮੁੱਖ ਮੰਤਰੀ ਤਰਿਵੇਂਦਰ ਸਿੰਘ ਰਾਵਤ ਨੇ ਦੱਸਿਆ ਕਿ, ਇਨ੍ਹਾਂ ਦੇ ਨਿਰਮਾਣ 'ਤੇ 500 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਖ਼ਰਚ ਹੋਏ ਹਨ। ਰਾਵਤ ਨੇ ਕਿਹਾ ਇਹ ਯੰਤਰ ਮਿਲ ਕੇ ਨਿੱਤ 152.5 ਮਿਲੀਅਨ ਲੀਟਰ ਸੀਵਰੇਜ ਦਾ ਸ਼ੋਧ ਕਰ ਸਕਦੇ ਹਨ। ਇਨ੍ਹਾਂ ਪਲਾਂਟਾਂ ਵੱਲੋਂ ਤਿਆਰ ਠੋਸ ਅਪਸ਼ਿਸ਼ਟ ਦੀ ਵਰਤੋ ਖਾਦ ਦੇ ਰੂਪ 'ਚ ਕੀਤਾ ਜਾਵੇਗਾ। ਉਤਰਾਖੰਡ 'ਚ ਗੰਗਾ ਨਦੀ ਦੇ ਕੋਲ 17 ਸ਼ਹਿਰਾਂ ਤੋਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਾਰੇ 30 ਪ੍ਰਾਜੈਕਟਾਂ (100%) ਹੁਣ ਪੂਰੀਆਂ ਹੋ ਗਈਆਂ ਹਨ, ਜੋ ਇੱਕ ਇਤਿਹਾਸਕ ਪ੍ਰਾਪਤੀ ਹੈ।