ਕਾਰਗਿਲ ਪਹੁੰਚੇ PM ਮੋਦੀ, ਬਹਾਦਰ ਜਵਾਨਾਂ ਨਾਲ ਮਨਾਉਣਗੇ ਦੀਵਾਲੀ

Monday, Oct 24, 2022 - 09:49 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਪਹੁੰਚੇ ਹਨ, ਜਿੱਥੇ ਉਹ ਸਾਡੇ ਬਹਾਦਰ ਵੀਰ ਜਵਾਨਾਂ ਨਾਲ ਦੀਵਾਲੀ ਮਨਾਉਣਗੇ। 2014 'ਚ ਸੱਤਾ 'ਚ ਆਉਣ ਦੇ ਬਾਅਦ ਤੋਂ ਪੀ.ਐੱਮ. ਮੋਦੀ ਦੀਵਾਲੀ ਮਨਾਉਣ ਲਈ ਵੱਖ-ਵੱਖ ਫ਼ੌਜ ਕੇਂਦਰਾਂ ਦਾ ਦੌਰਾ ਕਰਦੇ ਰਹੇ ਹਨ।''

PunjabKesari

ਪਿਛਲੇ ਸਾਲ ਪੀ.ਐੱਮ. ਮੋਦੀ ਨੇ ਜੰਮੂ ਦੇ ਨੌਸ਼ਹਿਰਾ 'ਚ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਉਨ੍ਹਾਂ ਨੇ ਭਾਰਤੀ ਸਰਹੱਦਾਂ 'ਤੇ ਸੇਵਾ ਕਰਨ ਲਈ ਫ਼ੌਜੀਆਂ ਦੀ ਸ਼ਲਾਘਾ ਕੀਤੀ ਸੀ ਅਤੇ ਦੱਸਿਆ ਸੀ ਕਿ ਸੁਰੱਖਿਆ ਕਰਮੀ ਰਾਸ਼ਟਰ ਦੇ ਸੁਰੱਖਿਆ ਕਵਚ ਸਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਫ਼ੌਜੀਆਂ ਕਾਰਨ ਹੀ ਲੋਕ ਚੈਨ ਦੀ ਨੀਂਦ ਸੌਂ ਪਾਉਂਦੇ ਹਨ। ਸਾਲ 2020 'ਚ ਰਾਜਸਥਾਨ ਦੇ ਜੈਸਲਮੇਰ ਦੇ ਲੋਂਗੇਵਾਲਾ 'ਚ ਫ਼ੌਜੀਆਂ ਨਾਲ ਦੀਵਾਲੀ ਮਨਾਉਂਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਜਦੋਂ ਤੱਕ ਭਾਰਤੀ ਫ਼ੌਜੀ ਮੌਜੂਦ ਹਨ, ਇਸ ਦੇਸ਼ ਦਾ ਦੀਵਾਲੀ ਤਿਉਹਾਰ ਰੋਸ਼ਨੀ ਨਾਲ ਭਰਿਆ ਰਹੇਗਾ। ਸਾਲ 2019 'ਚ ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਰਾਜੌਰੀ ਜ਼ਿਲ੍ਹੇ 'ਚ ਫ਼ੌਜੀਆਂ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਫ਼ੌਜੀਆਂ ਨੂੰ ਆਪਣੇ ਪਰਿਵਾਰ ਦੇ ਰੂਪ 'ਚ ਬੁਲਾਇਆ ਸੀ ਅਤੇ ਤਿਉਹਾਰਾਂ ਦੇ ਦੌਰਾਨ ਵੀ ਸਰਹੱਦਾਂ ਦੀ ਰੱਖਿਆ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ। 


ਸਾਲ 2018 'ਚ ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਹਰਸਿਲ 'ਚ ਭਾਰਤੀ ਫ਼ੌਜ ਅਤੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੇਦਾਰਨਾਥ ਧਾਮ 'ਚ ਪੂਜਾ ਕੀਤੀ। ਸਾਲ 2017 'ਚ ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੀ ਗੁਰੇਜ ਘਾਟੀ 'ਚ ਫ਼ੌਜ ਦੇ ਜਵਾਨਾਂ ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਸਾਲ 2016 'ਚ ਪ੍ਰਧਾਨ ਮੰਤਰੀ ਇਕ ਚੌਕੀ 'ਤੇ ਭਾਰਤ-ਤਿੱਬਤ ਸਰਹੱਦੀ ਪੁਲਸ ਕਰਮੀਆਂ ਨਾਲ ਤਿਉਹਾਰ ਮਨਾਉਣ ਲਈ ਹਿਮਾਚਲ ਪ੍ਰਦੇਸ਼ ਗਏ ਸਨ। ਉੱਥੇ ਹੀ 2015 'ਚ ਫ਼ੌਜੀਆਂ ਨਾਲ ਦੀਵਾਲੀ ਮਨਾਉਣ ਲਈ ਪੰਜਾਬ ਸਰਹੱਦ 'ਤੇ ਗਏ ਸਨ। ਸਾਲ 2014 'ਚ ਪ੍ਰਧਾਨ ਮੰਤਰੀ ਨੇ ਫ਼ੌਜੀਆਂ ਨਾਲ ਸਿਆਚਿਨ 'ਚ ਦੀਵਾਲੀ ਮਨਾਈ ਸੀ। ਵਿਸ਼ੇਸ਼ ਰੂਪ ਨਾਲ, ਪੀ.ਐੱਮ. ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਦੀਵਾਲੀ 'ਤੇ ਫ਼ੌਜ ਕੇਂਦਰਾਂ ਦਾ ਦੌਰਾ ਕਰਦੇ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News