ਲੋਕ ਵੰਡੇ ਗਏ ਤਾਂ ਰਿਜ਼ਰਵੇਸ਼ਨ ਖੋਹ ਲਏਗੀ ਕਾਂਗਰਸ : ਮੋਦੀ
Tuesday, Nov 12, 2024 - 09:09 PM (IST)
ਮੁੰਬਈ, (ਏਜੰਸੀਆਂ)- ਲੋਕ ਸਭਾ ਦੀਆਂ ਚੋਣਾਂ ਦੌਰਾਨ ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਜੇ ਉਸ ਨੂੰ 400 ਤੋਂ ਵੱਧ ਸੀਟਾਂ ਮਿਲ ਜਾਂਦੀਆਂ ਹਨ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਅਤੇ ਹੇਠਲੇ ਵਰਗਾਂ ਦੀ ਰਿਜ਼ਰਵੇਸ਼ਨ ਖੋਹ ਲਏਗੀ।
ਮੰਨਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਤੇ ਯੂ. ਪੀ. ਵਰਗੇ ਸੂਬਿਆਂ ’ਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਅਤੇ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ ਬਹੁਤ ਘੱਟ ਸੀਟਾਂ ਮਿਲੀਆਂ। ਹੁਣ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦੀ ਵਾਰੀ ਹੈ ਤੇ ਪੀ. ਐੱਮ. ਨਰਿੰਦਰ ਮੋਦੀ ਨੇ ਕਾਂਗਰਸ ਵਿਰੁੱਧ ਵੀ ਅਜਿਹਾ ਹੀ ਕਾਰਡ ਚਲਾ ਦਿੱਤਾ ਹੈ।
ਮੰਗਲਵਾਰ ਮਹਾਰਾਸ਼ਟਰ ਦੇ ਚਿਮੂਰ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜੇ ਲੋਕ ਇਕਜੁੱਟ ਨਾ ਰਹੇ ਤਾਂ ਕਾਂਗਰਸ ਰਿਜ਼ਰਵੇਸ਼ਨ ਖੋਹ ਲਵੇਗੀ। ਜੇ ਲੋਕਾਂ ਦੀ ਏਕਤਾ ਟੁੱਟ ਗਈ ਤਾਂ ਕਾਂਗਰਸ ਸਭ ਤੋਂ ਪਹਿਲਾਂ ਉਨ੍ਹਾਂ ਦੀ ਰਿਜ਼ਰਵੇਸ਼ਨ ਹੀ ਖੋਹੇਗੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਾਤ ਦੇ ਆਧਾਰ ’ਤੇ ਲੋਕਾਂ ਨੂੰ ਵੰਡ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਰਹਿਣਾ ਹੋਵੇਗਾ ਤਾਂ ਜੋ ਖੁਸ਼ਹਾਲੀ ਬਣੀ ਰਹੇ। ਇਸ ਦੇਸ਼ ’ਚ 10 ਫੀਸਦੀ ਆਬਾਦੀ ਆਦਿਵਾਸੀਆਂ ਦੀ ਹੈ। ਕਾਂਗਰਸ ਉਨ੍ਹਾਂ ਨੂੰ ਜਾਤਾਂ ’ਚ ਵੰਡਣਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਜੇ ਕਬਾਇਲੀ ਭਾਈਚਾਰਾ ਵੰਡਿਆ ਗਿਆ ਤਾਂ ਕਾਂਗਰਸ ਉਨ੍ਹਾਂ ਦੀ ਪਛਾਣ ਨੂੰ ਖਤਮ ਕਰ ਦੇਵੇਗੀ। ਕਾਂਗਰਸ ਦੇ ਯੁਵਰਾਜ ਨੇ ਵਿਦੇਸ਼ ’ਚ ਇਹ ਗੱਲ ਕਹੀ ਸੀ। ਸਾਨੂੰ ਕਾਂਗਰਸ ਦੀਆਂ ਸਾਜ਼ਿਸ਼ਾਂ ਤੋਂ ਬਚ ਕੇ ਇਕਜੁੱਟ ਰਹਿਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਰਿਜ਼ਰਵੇਸ਼ਨ ਤੋਂ ਪ੍ਰੇਸ਼ਾਨ ਹੈ। ਇਸ ਦੇ ‘ਸ਼ਾਹੀ ਪਰਿਵਾਰ’ ਦੀ ਹਮੇਸ਼ਾ ਇਹ ਮਾਨਸਿਕਤਾ ਰਹੀ ਹੈ ਕਿ ਉਹ ਦੇਸ਼ ’ਤੇ ਰਾਜ ਕਰਨ ਲਈ ਹੀ ਪੈਦਾ ਹੋਈ ਹੈ। ਇਹੀ ਕਾਰਨ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਕਦੇ ਵੀ ਦਲਿਤਾਂ, ਪੱਛੜੇ ਵਰਗਾਂ ਤੇ ਆਦਿਵਾਸੀਆਂ ਦੀ ਤਰੱਕੀ ਨਹੀਂ ਹੋਣ ਦਿੱਤੀ।
ਮੋਦੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਕ ਪੁਰਾਣਾ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਹ ਪਾਰਟੀ ਦੇ ਰਿਜ਼ਰਵੇਸ਼ਨ ਵਿਰੋਧੀ ਰਵੱਈਏ ਨੂੰ ਦਰਸਾਉਂਦਾ ਹੈ। ਕਾਂਗਰਸ ਕਬਾਇਲੀ ਸਮਾਜ ਨੂੰ ਜਾਤਾਂ ’ਚ ਵੰਡ ਕੇ ਕਮਜ਼ੋਰ ਕਰਨਾ ਚਾਹੁੰਦੀ ਹੈ। ਕਾਂਗਰਸ ਚਾਹੁੰਦੀ ਹੈ ਕਿ ਸਾਡੇ ਆਦਿਵਾਸੀ ਭਰਾਵਾਂ ਦੀ ਐੱਸ. ਟੀ. ਵਜੋਂ ਪਛਾਣ ਖਤਮ ਹੋ ਜਾਵੇ। ਉਨ੍ਹਾਂ ਆਪਣੀ ਤਾਕਤ ਨਾਲ ਜੋ ਪਛਾਣ ਬਣਾਈ ਹੈ, ਉਹ ਟੁੱਟ ਜਾਵੇ। ਕਾਂਗਰਸ ਦੀ ਇਹ ਖਤਰਨਾਕ ਖੇਡ ਹੈ ਕਿ ਏਕਤਾ ਟੁੱਟ ਜਾਏ।