ਰੂਸ-ਯੂਕ੍ਰੇਨ ਯੁੱਧ ''ਤੇ ਬੋਲੇ PM ਮੋਦੀ, ਕਿਸੇ ਵੀ ਸ਼ਾਂਤੀ ਪ੍ਰਕਿਰਿਆ ''ਚ ਯੋਗਦਾਨ ਦੇਣ ਲਈ ਭਾਰਤ ਤਿਆਰ
Thursday, Mar 02, 2023 - 10:00 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਯੂਕ੍ਰੇਨ ਵਿਵਾਦ ਦਾ ਹੱਲ ਲੱਭਣ ਲਈ ਭਾਰਤ ਸ਼ਾਂਤੀ ਪ੍ਰਕਿਰਿਆ 'ਚ ਯੋਗਦਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੌਰੇ 'ਤੇ ਆਏ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਪੀਐੱਮ ਮੋਦੀ ਨੇ ਕਿਹਾ, "ਯੂਕ੍ਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਵਿਵਾਦ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।"
ਇਹ ਵੀ ਪੜ੍ਹੋ : ਮੇਘਾਲਿਆ 'ਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ, ਅਮਿਤ ਸ਼ਾਹ ਦੇ ਘਰ ਵੱਜੀ 'ਫੋਨ ਦੀ ਘੰਟੀ'
"ਭਾਰਤ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।" ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਦਿਆਂ ਮੇਲੋਨੀ ਨੇ ਕਿਹਾ ਕਿ ਇਟਲੀ ਨੂੰ ਉਮੀਦ ਹੈ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ, ਯੂਕ੍ਰੇਨ ਵਿੱਚ ਚੱਲ ਰਹੇ ਸੰਘਰਸ਼ ਨੂੰ ਸਮਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਅਤੇ ਗੱਲਬਾਤ ਕਰਨ 'ਚ ਕੇਂਦਰੀ ਭੂਮਿਕਾ ਨਿਭਾਏਗਾ। ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਦੇਸ਼ਾਂ 'ਤੇ ਪੈਣ ਵਾਲੇ ਯੂਕ੍ਰੇਨ ਸੰਘਰਸ਼ ਦੇ ਮਾੜੇ ਪ੍ਰਭਾਵਾਂ 'ਤੇ ਚਿੰਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀਆਂ ਦੀਆਂ ਆਪਸੀ ਰੰਜਿਸ਼ਾਂ ਸਮੁੱਚੇ ਭਾਈਚਾਰੇ ਲਈ ਬਣ ਰਹੀਆਂ ਸ਼ਰਮਿੰਦਗੀ ਦਾ ਵੱਡਾ ਕਾਰਨ
ਉਨ੍ਹਾਂ ਕਿਹਾ ਕਿ ਯੂਕ੍ਰੇਨ ਸੰਘਰਸ਼ ਕਾਰਨ ਸਾਰੇ ਦੇਸ਼ ਭੋਜਨ, ਖਾਦ ਅਤੇ ਈਂਧਣ ਸੰਕਟ ਤੋਂ ਪ੍ਰਭਾਵਿਤ ਹੋਏ ਹਨ। ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ 'ਤੇ ਬਹੁਤ ਮਾੜਾ ਅਸਰ ਪਿਆ ਹੈ। ਅਸੀਂ ਇਸ ਮੁੱਦੇ 'ਤੇ ਆਪਣੀਆਂ ਚਿੰਤਾਵਾਂ ਉਠਾਈਆਂ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਸਾਂਝੇ ਯਤਨਾਂ 'ਤੇ ਜ਼ੋਰ ਦਿੱਤਾ। ਯੂਕ੍ਰੇਨ ਸੰਕਟ 'ਤੇ ਪੀਐੱਮ ਮੋਦੀ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀ ਇੱਥੇ ਬੈਠਕ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।