ਟਿੱਡੀ ਦਲ ਨੇ ਕਿਸਾਨਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਮੋਦੀ ਵੀ ਚਿੰਤਤ
Sunday, May 31, 2020 - 12:52 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਆਪਣੇ ਰੇਡੀਓ ਪ੍ਰਗੋਰਾਮ 'ਮਨ ਕੀ ਬਾਤ' ਵਿਚ ਕਿਹਾ ਕਿ ਕੋਰੋਨਾ ਵਾਇਰਸ ਤੋਂ ਜੂਝ ਰਹੇ ਭਾਰਤ ਲਈ ਟਿੱਡੀਆਂ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਈ ਸੂਬਿਆਂ ਵਿਚ ਟਿੱਡੀ ਦਲ ਨੇ ਕਿਸਾਨਾਂ ਤੋਂ ਲੈ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟਿੱਡੀ ਦੇ ਹਮਲਿਆਂ ਨਾਲ ਪ੍ਰਭਾਵਿਤ ਸਾਰੇ ਲੋਕਾਂ ਨੂੰ ਮਦਦ ਦਿੱਤੀ ਜਾਵੇਗੀ, ਜੋ ਪਿਛਲੇ ਦਿਨਾਂ 'ਚ ਹੋ ਰਹੇ ਹਨ। ਟਿੱਡੀ ਦਲ ਨੇ ਕਿਸਾਨਾਂ ਲਈ ਇਕ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਪੂਰਬੀ ਭਾਰਤ ਨੂੰ ਤੂਫਾਨ ਤੋਂ ਆਈ ਆਫਤ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਕਈ ਹਿੱਸਿਆਂ ਵਿਚ ਟਿੱਡੀਆਂ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਹਾਂ। ਇਨ੍ਹਾਂ ਹਮਲਿਆਂ ਨੇ ਫਿਰ ਸਾਨੂੰ ਯਾਦ ਦਿਵਾਇਆ ਹੈ ਕਿ ਇਹ ਛੋਟਾ ਜਿਹਾ ਜੀਵ ਕਿੰਨਾ ਨੁਕਸਾਨ ਕਰਦਾ ਹੈ। ਟਿੱਡੀ ਦਲ ਦਾ ਹਮਲਾ ਕਈ ਦਿਨਾਂ ਤੱਕ ਚੱਲਦਾ ਹੈ, ਬਹੁਤ ਸਾਰੇ ਖੇਤਰਾਂ 'ਤੇ ਇਸ ਦਾ ਪ੍ਰਭਾਵ ਪੈਂਦਾ ਹੈ। ਭਾਰਤ ਸਰਕਾਰ ਹੋਵੇ, ਸੂਬਾ ਸਰਕਾਰ ਹੋਵੇ, ਖੇਤੀਬਾੜੀ ਵਿਭਾਗ ਹੋਵੇ, ਪ੍ਰਸ਼ਾਸਨ ਵੀ ਇਸ ਸੰਕਟ ਦੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਦੀ ਮਦਦ ਕਰਨ ਲਈ ਆਧੁਨਿਕ ਸਾਧਨਾਂ ਦੀ ਵੀ ਵਰਤੋਂ ਕਰ ਰਿਹਾ ਹੈ। ਨਵੀਆਂ-ਨਵੀਆਂ ਖੋਜਾਂ ਵੱਲ ਧਿਆਨ ਦੇ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਸਾਡੇ ਖੇਤੀਬਾੜੀ ਖੇਤਰ ਵਿਚ ਜੋ ਇਹ ਆਫਤ ਆਈ ਹੈ, ਉਸ ਨਾਲ ਲੋਹਾ ਲਵਾਂਗੇ, ਬਹੁਤ ਕੁਝ ਬਚਾ ਲਵਾਂਗੇ।
ਦੱਸ ਦੇਈਏ ਕਿ ਟਿੱਡੀ ਦਲ ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਸਰਗਰਮ ਹੈ। ਰਾਜਧਾਨੀ ਦਿੱਲੀ ਸਮੇਤ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟਿੱਡੀ ਦਲ ਉੱਤਰੀ-ਪੱਛਮੀ ਭਾਰਤ ਸਮੇਤ ਬਿਹਾਰ ਅਤੇ ਓਡੀਸ਼ਾ ਤੱਕ ਹਮਲਾ ਕਰ ਸਕਦੇ ਹਨ ਪਰ ਉਨ੍ਹਾਂ ਦੇ ਦੱਖਣੀ ਭਾਰਤ ਵੱਲ ਵੱਧਣ ਦੀ ਸੰਭਾਵਨਾ ਘੱਟ ਹੈ। ਟਿੱਡੀ ਜਦੋਂ ਇਕ ਸਮੂਹ 'ਚ ਹੁੰਦੇ ਹਨ ਤਾਂ ਉਨ੍ਹਾਂ ਦਾ ਵਿਵਹਾਰ ਬਦਲ ਜਾਂਦਾ ਹੈ। ਇਕ ਘੰਟੇ ਵਿਚ ਟਿੱਡੀ ਦਲ 16 ਤੋਂ 19 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਹਵਾ ਸਾਥ ਦੇਵੇ ਤਾਂ ਇਹ ਹੋਰ ਦੂਰ ਜਾ ਸਕਦੇ ਹਨ। ਸਭ ਤੋਂ ਵੱਡਾ ਖਤਰਾ ਇਹ ਹੈ ਕਿ ਟਿੱਡੀਆਂ ਇਕ ਦਿਨ ਵਿਚ ਓਨਾ ਖਾ ਸਕਦੀਆਂ ਹਨ, ਜਿਨ੍ਹਾਂ 35 ਹਜ਼ਾਰ ਲੋਕ ਇਕ ਦਿਨ ਵਿਚ ਖਾਣਗੇ।