ਜਾਣੋ PM ਮੋਦੀ ਨੇ ਕਿਉਂ ਕੀਤੀ ਇਸ ਮਾਂ ਦੀ ਤਾਰੀਫ਼, ਚਿੱਠੀ ਲਿਖ ਕੇ ਜਾਣਿਆ ਹਾਲ-ਚਾਲ
Wednesday, Jun 16, 2021 - 06:02 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਸਾਲ ਦੇ ਬੱਚੇ ਦੀ ਮਾਂ ਦੀ ਉਨ੍ਹਾਂ ਦੇ ਸਾਹਸ ਅਤੇ ਸਕਾਰਾਤਮਕ ਸੋਚ ਲਈ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਕੋਵਿਡ-19 ਤੋਂ ਪੀੜਤ ਹੋਣ ਤੋਂ ਬਾਅਦ ਖ਼ੁਦ ਨੂੰ ਆਪਣੇ ਬੇਟੇ ਤੋਂ ਵੱਖ ਕਰ ਲਿਆ ਸੀ। ਗਾਜ਼ੀਆਬਾਦ ਦੇ ਸੈਕਟਰ-6 ਵਿਚ ਰਹਿਣ ਵਾਲੀ ਪੂਜਾ ਵਰਮਾ ਅਤੇ ਉਨ੍ਹਾਂ ਦੇ ਪਤੀ ਗਗਨ ਕੌਸ਼ਿਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਪੂਜਾ ਵਰਮਾ, ਉਨ੍ਹਾਂ ਦੇ ਪਤੀ ਅਤੇ 6 ਸਾਲਾ ਬੇਟਾ ਤਿੰਨ ਕਮਰਿਆਂ ਦੀ ਇਕ ਫਲੈਟ ਵਿਚ ਰਹਿੰਦੇ ਹਨ ਅਤੇ ਅਪ੍ਰੈਲ ਵਿਚ ਕੋਵਿਡ-19 ਤੋਂ ਪੀੜਤ ਹੋਣ ਮਗਰੋਂ ਜੋੜੇ ਨੇ ਸਖ਼ਤ ਫ਼ੈਸਲਾ ਕੀਤਾ ਅਤੇ ਤੈਅ ਕੀਤਾ ਕਿ ਤਿੰਨੋਂ ਵੱਖ-ਵੱਖ ਕਮਰਿਆਂ ਵਿਚ ਰਹਿਣਗੇ।
ਪੂਜਾ ਵਰਮਾ ਨੇ ਕਿਹਾ ਕਿ ਇਹ 6 ਸਾਲ ਦੇ ਬੱਚੇ ਲਈ ਆਸਾਨ ਨਹੀਂ ਸੀ, ਜੋ ਆਪਣੇ ਮਾਪਿਆਂ ਦੇ ਪਿਆਰ ਲਈ ਤਰਸ ਰਿਹਾ ਸੀ ਅਤੇ ਉਹ ਇਹ ਸਮਝਣ ਵਿਚ ਅਸਮਰੱਥ ਸੀ ਕਿ ਕੋਰੋਨਾ ਵਾਇਰਸ ਕੀ ਹੈ ਜਾਂ ਕੋਵਿਡ ਨਾਲ ਸਬੰਧਤ ਨਿਯਮਾਂ ਦਾ ਕੀ ਮਤਲਬ ਹੈ ਅਤੇ ਇਸ ਇਕਾਂਤਵਾਸ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਬੱਚਾ ਇਸ ਪਰੇਸ਼ਾਨੀ ’ਚ ਰਿਹਾ ਕਿ ਉਸ ਨੇ ਅਜਿਹਾ ਕੀ ਗਲਤ ਕਰ ਦਿੱਤਾ ਕਿ ਉਸ ਨੂੰ ਆਪਣੇ ਮਾਪਿਆਂ ਤੋਂ ਵੱਖ ਕਮਰੇ ਵਿਚ ਰਹਿਣਾ ਪਿਆ ਹੈ।
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਵਰਮਾ ਨੇ ਇਕ ਕਵਿਤਾ ਜ਼ਰੀਏ ਮਾਂ ਦੇ ਤੌਰ ’ਤੇ ਆਪਣੀ ਅਜ਼ਮਾਇਸ਼ ਦੱਸੀ, ਜਿਨ੍ਹਾਂ ਨੂੰ ਆਪਣੇ ਬੱਚੇ ਤੋਂ ਵੱਖ ਰਹਿਣਾ ਪਿਆ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਲਿਖੀ ਚਿੱਠੀ ਅਤੇ ਪਰਿਵਾਰ ਦੀ ਖੈਰੀਅਤ ਪੁੱਛਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਹਲਾਤਾਂ ਵਿਚ ਵੀ ਤੁਸੀਂ ਅਤੇ ਤੁਹਾਡੇ ਪਰਿਵਾਰ ਨੇ ਸਾਹਸ ਨਾਲ ਕੋਵਿਡ ਦੀ ਇਸ ਬੀਮਾਰੀ ਨਾਲ ਲੜਾਈ ਲੜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਸਤਰਾਂ ਨੇ ਸਾਨੂੰ ਸਿਖਾਇਆ ਹੈ ਕਿ ਉਲਟ ਹਲਾਤਾਂ ਵਿਚ ਸੰਜਮ ਨਹੀਂ ਗੁਆਉਣਾ ਹੈ ਅਤੇ ਹਿੰਮਤ ਬਣਾ ਕੇ ਰੱਖਣੀ ਹੈ। ਉਕਤ ਮਾਂ ਦੀ ਕਵਿਤਾ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਉਸ ਮਾਂ ਦੀ ਚਿੰਤਾ ਨੂੰ ਜ਼ਾਹਰ ਕਰਦੀ ਹੈ, ਜਦੋਂ ਉਹ ਆਪਣੇ ਬੱਚੇ ਤੋਂ ਦੂਰ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਹਿੰਮਤ ਅਤੇ ਸਕਾਰਾਤਮਕ ਸੋਚ ਨਾਲ ਪੂਜਾ ਵਰਮਾ ਅੱਗੇ ਵਧਣਾ ਜਾਰੀ ਰੱਖੇਗੀ ਅਤੇ ਜ਼ਿੰਦਗੀ ਵਿਚ ਆਉਣ ਵਾਲੀ ਕਿਸੇ ਵੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕਰੇਗੀ।