PM ਮੋਦੀ ਨੇ ਕਾਹਿਰਾ 'ਚ ਭਾਰਤੀ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਅਲ-ਹਕੀਮ ਮਸਜਿਦ ਦਾ ਵੀ ਕੀਤਾ ਦੌਰਾ (ਤਸਵੀਰਾਂ)

06/25/2023 2:22:39 PM

ਕਾਹਿਰਾ (ਏ.ਐਨ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਅਲ-ਹਕੀਮ ਮਸਜਿਦ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਅਲ-ਹਕੀਮ ਮਸਜਿਦ ਦੌਰੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਲੋਕਾਂ ਨੂੰ ਗਲੇ ਲਗਾਉਂਦੇ ਅਤੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਥੇ ਦਾਊਦੀ ਬੋਹਰਾ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।  ਪੀ.ਐੱਮ ਮੋਦੀ ਨੇ ਮਿਸਰ ਦੇ ਕਾਹਿਰਾ ਵਿੱਚ ਹੇਲੀਓਪੋਲਿਸ ਵਾਰ ਕਬਰਸਤਾਨ ਦਾ ਵੀ ਦੌਰਾ ਕੀਤਾ। ਇੱਥੇ ਉਨ੍ਹਾਂ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਆਪਣੀ ਕੁਰਬਾਨੀ ਦਿੱਤੀ।

 

ਇੱਥੇ ਦੱਸ ਦਈਏ ਕਿ ਪੀ.ਐੱਮ ਮੋਦੀ ਦੋ ਦਿਨਾਂ ਦੌਰੇ 'ਤੇ ਸ਼ਨੀਵਾਰ ਨੂੰ ਮਿਸਰ ਪਹੁੰਚੇ ਸਨ। ਕਾਹਿਰਾ ਹਵਾਈ ਅੱਡੇ 'ਤੇ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮਾਦਬੋਲੀ ਨੇ ਉਨ੍ਹਾਂ ਦਾ ਸਵਾਗਤ ਕੀਤਾ। 1997 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਮਿਸਰ ਦੀ ਇਹ ਪਹਿਲੀ ਸਰਕਾਰੀ ਯਾਤਰਾ ਹੈ।ਭਾਰਤ ਪੱਛਮੀ ਏਸ਼ੀਆ ਅਤੇ ਅਫਰੀਕਾ 'ਚ ਆਪਣੇ ਸਬੰਧਾਂ ਨੂੰ ਮਜ਼ਬੂਤ ​​ਕਰਨ 'ਚ ਰੁੱਝਿਆ ਹੋਇਆ ਹੈ, ਜਿਸ ਕਾਰਨ ਇਹ ਦੌਰਾ ਉਸ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਅਲ-ਸੀਸੀ ਨੇ ਜਨਵਰੀ 2023 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਤਾਂ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਰਣਨੀਤਕ ਭਾਈਵਾਲ ਐਲਾਨਿਆ ਸੀ।

 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਮਿਸਰ ਦੇ ਮੁਫਤੀ-ਏ-ਆਜ਼ਮ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ

ਪੀ.ਐੱਮ ਮੋਦੀ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕੁਝ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣੇ ਹਨ। ਮਿਸਰ ਸੁਏਜ਼ ਨਹਿਰ ਨੇੜੇ ਇੱਕ ਆਰਥਿਕ ਜ਼ੋਨ ਬਣਾ ਰਿਹਾ ਹੈ। ਭਾਰਤ ਨੇ ਉਥੇ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧ 'ਚ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਵੀ ਹੋ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News