ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੇ ਵੀ ਚੁੱਕੀ ਸਹੁੰ

06/10/2024 4:59:15 AM

ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ’ਚ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਦੀ ਜਿੱਤ ਪਿੱਛੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਐਤਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਮਾਗਮ 'ਚ ਕੁੱਲ 71 ਮੰਤਰੀਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਇਕ ਸਮਾਰੋਹ ’ਚ ਉਨ੍ਹਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਮੋਦੀ ਨੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ।

ਈਸ਼ਵਰ ਦੇ ਨਾਂ ’ਤੇ ਸਹੁੰ ਚੁੱਕਣ ਵਾਲੇ 73 ਸਾਲਾ ਮੋਦੀ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ ਤੇ ਐੱਸ. ਜੈਸ਼ੰਕਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਨਿਰੰਤਰਤਾ ਤੇ ਤਜਰਬੇ ’ਤੇ ਜ਼ੋਰ ਦੇ ਰਹੇ ਹਨ, ਕਿਉਂਕਿ ਸਹੁੰ ਚੁੱਕਣ ਵਾਲੇ ਵਧੇਰੇ ਨੇਤਾਵਾਂ ਨੇ ਪਿਛਲੇ ਕਾਰਜਕਾਲ ’ਚ ਵੀ ਮੁੱਖ ਮੰਤਰਾਲਿਆਂ ਨੂੰ ਸੰਭਾਲਿਆ ਹੋਇਆ ਸੀ। ਭਾਜਪਾ ਨੇਤਾ ਪਿਊਸ਼ ਗੋਇਲ, ਜਿਓਤਿਰਦਿਤਿਆ ਸਿੰਧੀਆ, ਧਰਮਿੰਦਰ ਪ੍ਰਧਾਨ ਤੇ ਭੂਪੇਂਦਰ ਯਾਦਵ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਇਹ ਸਾਰੇ ਪਹਿਲਾਂ ਰਾਜ ਸਭਾ ਦੇ ਮੈਂਬਰ ਸਨ ਪਰ ਹੁਣ ਲੋਕ ਸਭਾ ਲਈ ਚੁਣੇ ਗਏ ਹਨ।

PunjabKesari

ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਨਾਲ ਹੀ ਅਸ਼ਵਨੀ ਵੈਸ਼ਨਵ, ਵਰਿੰਦਰ ਕੁਮਾਰ, ਪ੍ਰਹਿਲਾਦ ਜੋਸ਼ੀ, ਗਿਰੀਰਾਜ ਸਿੰਘ ਅਤੇ ਜੁਆਲ ਓਰਾਓਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਮੁਰਮੂ ਨੇ ਸਾਰਿਆਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। 2014 ’ਚ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ- ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤਿਆ ਭਾਰਤ, ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ

ਇਸ ਤੋਂ ਬਾਅਦ 17ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰ ਕੇ ਉਹ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਨਹਿਰੂ 1947 ’ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ’ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ।

ਸਹੁੰ ਚੁੱਕ ਸਮਾਗਮ ’ਚ ਦੇਸ਼-ਵਿਦੇਸ਼ ਦੇ ਕਈ ਚੋਟੀ ਦੇ ਨੇਤਾ ਪੁੱਜੇ ਹੋਏ ਸਨ। ਕਾਂਗਰਸ ਦੇ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਵੀ ਇਸ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਟੀ.ਡੀ.ਪੀ. ਪ੍ਰਧਾਨ ਚੰਦਰਬਾਬੂ ਨਾਇਡੂ ਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਵੀ ਮੌਜੂਦ ਸਨ। ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਨੇ 293 ਸੀਟਾਂ ਜਿੱਤੀਆਂ ਹਨ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਦੇ ਕਿਸੇ ਵੀ ਗੱਠਜੋੜ ਦੀ ਸਭ ਤੋਂ ਵੱਡੀ ਸਫਲਤਾ ਦੱਸਿਆ ਹੈ। ਸਿਆਸੀ ਨੇਤਾਵਾਂ ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਲ ਹੀ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ, ਸਫ਼ਾਈ ਕਰਮਚਾਰੀਆਂ ਤੇ ਮਜ਼ਦੂਰਾਂ ਨੇ ਵੀ ਮੋਦੀ ਤੇ ਨਵੀਂ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਕੀਤੀ। ਇਸ ਸ਼ਾਨਦਾਰ ਸਮਾਗਮ ਲਈ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ ’ਚ ਲਗਭਗ 9,000 ਵਿਅਕਤੀ ਮੌਜੂਦ ਸਨ।

ਮਾਲਦੀਵ ਦੇ ਰਾਸ਼ਟਰਪਤੀ ਸਮੇਤ ਇਨ੍ਹਾਂ ਦੇਸ਼ਾਂ ਦੇ ਮੁਖੀ ਵੀ ਗਵਾਹ ਬਣੇ

ਸਹੁੰ ਚੁੱਕ ਸਮਾਗਮ ’ਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵੀ ਮੌਜੂਦ ਸਨ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ, ਉਨ੍ਹਾਂ ਦੇ ਭੂਟਾਨ ਦੇ ਹਮਰੁਤਬਾ ਸ਼ੇਰਿੰਗ ਤੋਬਗੇ, ਬੰਗਲਾਦੇਸ਼ ਦੀ ਰਾਸ਼ਟਰਪਤੀ ਸ਼ੇਖ ਹਸੀਨਾ ਤੇ ਸੇਸ਼ੇਲਸ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਵੀ ਸਹੁੰ ਚੁੱਕ ਸਮਾਗਮ ’ਚ ਪੁੱਜੇ ਹੋਏ ਸਨ। ਮੁਇਜ਼ੂ ਦੇ ਦੌਰੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਭਾਰਤ ਤੇ ਮਾਲਦੀਵ ਦੇ ਸਬੰਧਾਂ ’ਚ ਚੱਲ ਰਹੇ ਤਣਾਅ ਦਰਮਿਆਨ ਆਏ ਹਨ।

PunjabKesari

ਭਾਈਵਾਲ ਪਾਰਟੀਆਂ ਦੇ ਇਹ ਆਗੂ ਬਣੇ ਮੰਤਰੀ

ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਹੀ ਜਨਤਾ ਦਲ (ਸੈਕੂਲਰ) ਦੇ ਐੱਚ. ਡੀ. ਕੁਮਾਰਸਵਾਮੀ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਚਿਰਾਗ ਪਾਸਵਾਨ, ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ਤੇ ਰਾਮਨਾਥ ਠਾਕੁਰ, ਟੀ.ਡੀ.ਪੀ. ਦੇ ਰਾਮਾਮੋਹਨ ਰੈਡੀ, ਹਮ (ਸੈਕੂਲਰ) ਦੇ ਮੁਖੀ ਜੀਤਨ ਰਾਮ ਮਾਂਝੀ, ਅਪਨਾ ਦਲ (ਐੱਸ) ਦੀ ਅਨੁਪ੍ਰਿਆ ਪਟੇਲ ਤੇ ਐੱਨ.ਡੀ.ਏ. ਦੇ ਕਈ ਪ੍ਰਮੁੱਖ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ।

ਇਹ ਪਹਿਲੀ ਵਾਰ ਬਣੇ ਮੰਤਰੀ

ਪਾਰਟੀ ਪ੍ਰਧਾਨ ਜੇ. ਪੀ. ਨੱਡਾ ਦੀ 5 ਸਾਲ ਬਾਅਦ ਕੈਬਨਿਟ ’ਚ ਵਾਪਸੀ ਹੋਈ ਹੈ ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੋਦੀ ਮੰਤਰੀ ਮੰਡਲ ’ਚ ਨਵੇਂ ਚਿਹਰੇ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਇਕਲੌਤੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀਮੰਡਲ 'ਚ ਸ਼ਾਮਲ ਕੀਤਾ ਗਿਆ ਹੈ।

PunjabKesari

ਪੇਮਾਸਾਨੀ 18ਵੀਂ ਲੋਕ ਸਭਾ ਦੇ ਸਭ ਤੋਂ ਅਮੀਰ ਮੰਤਰੀ

ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਚੰਦਰਸ਼ੇਖਰ ਪੇਮਾਸਾਨੀ 5700 ਕਰੋੜ ਰੁਪਏ ਦੀ ਜਾਇਦਾਦ ਨਾਲ ਮੰਤਰੀ ਮੰਡਲ ’ਚ ਸ਼ਾਮਲ ਹੋਣ ਵਾਲੇ ਸਭ ਤੋਂ ਅਮੀਰ ਮੰਤਰੀ ਹਨ। ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪੇਮਾਸਾਨੀ ਲੋਕ ਸਭਾ ਦੀ ਚੋਣ ਲੜਨ ਵਾਲੇ ਵੀ ਸਭ ਤੋਂ ਅਮੀਰ ਉਮੀਦਵਾਰ ਸਨ। ਉਨ੍ਹਾਂ 5705 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਜੋ ਸਾਰੇ 8390 ਉਮੀਦਵਾਰਾਂ ’ਚੋਂ ਸਭ ਤੋਂ ਵੱਧ ਹੈ। ਕੈਬਨਿਟ ਰੈਂਕ ਦੇ ਮੰਤਰੀਆਂ ’ਚ ਜਿਓਤਿਰਦਿਤਿਆ ਸਿੰਧੀਆ ਕੋਲ 484 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਜਿੱਤਣ ਵਾਲੇ ਲੋਕ ਸਭਾ ਦੇ ਮੈਂਬਰਾਂ ’ਚ ਜਾਇਦਾਦ ਦੇ ਮਾਮਲੇ ’ਚ ਛੇਵੇਂ ਨੰਬਰ ’ਤੇ ਹਨ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Rakesh

Content Editor

Related News