ਤੀਜੀ ਵਾਰ ਬਣੇਗੀ NDA ਸਰਕਾਰ, ਨਰਿੰਦਰ ਮੋਦੀ ਅੱਜ ਸ਼ਾਮ PM ਅਹੁਦੇ ਦੀ ਚੁੱਕਣਗੇ ਸਹੁੰ

06/09/2024 7:57:50 AM

ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਸਹੁੰ ਚੁੱਕਣਗੇ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਸਿਆਸਤਦਾਨ ਹੋਣਗੇ। ਇਸ ਦੌਰਾਨ, ਨਵੀਂ ਸਰਕਾਰ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨਡੀਏ) ਦੇ ਵੱਖ-ਵੱਖ ਹਿੱਸਿਆਂ ਲਈ ਮੰਤਰੀ ਪ੍ਰੀਸ਼ਦ ਵਿਚ ਹਿੱਸੇਦਾਰੀ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀ ਪਾਰਟੀਆਂ ਦਰਮਿਆਨ ਤਿੱਖੀ ਚਰਚਾ ਚੱਲ ਰਹੀ ਹੈ। ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵਰਗੇ ਭਾਜਪਾ ਦੇ ਸੀਨੀਅਰ ਆਗੂ ਸਰਕਾਰ 'ਚ ਪ੍ਰਤੀਨਿਧੀਤੱਵ ਨੂੰ ਲੈ ਕੇ ਤੇਲੁਗੂ ਦੇਸ਼ਮ ਪਾਰਟੀ ਦੇ ਐੱਨ. ਚੰਦਰਬਾਬੂ ਨਾਇਡੂ, ਜੇ.ਡੀ. (ਯੂ) ਦੇ ਨਿਤੀਸ਼ ਕੁਮਾਰ ਅਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਸਮੇਤ ਸਹਿਯੋਗੀਆਂ ਦਲਾਂ ਨਾਲ ਸਲਾਹ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਵਰਗੇ ਅਹਿਮ ਵਿਭਾਗਾਂ ਤੋਂ ਇਲਾਵਾ ਸਿੱਖਿਆ ਅਤੇ ਸੱਭਿਆਚਾਰ ਵਰਗੇ 2 ਮਜ਼ਬੂਤ ​​ਵਿਚਾਰਧਾਰਕ ਪਹਿਲੂਆਂ ਵਾਲੇ ਮੰਤਰਾਲੇ ਭਾਜਪਾ ਕੋਲ ਰਹਿਣਗੇ, ਜਦਕਿ ਉਸ ਦੇ ਸਹਿਯੋਗੀਆਂ ਨੂੰ ਪੰਜ ਤੋਂ ਅੱਠ ਕੈਬਨਿਟ ਅਹੁਦੇ ਮਿਲ ਸਕਦੇ ਹਨ। ਪਾਰਟੀ ਦੇ ਅੰਦਰ ਜਿੱਥੇ ਸ਼ਾਹ ਅਤੇ ਸਿੰਘ ਵਰਗੇ ਨੇਤਾਵਾਂ ਦਾ ਨਵੀਂ ਕੈਬਨਿਟ ਵਿਚ ਸ਼ਾਮਲ ਹੋਣਾ ਯਕੀਨੀ ਮੰਨਿਆ ਜਾ ਰਿਹਾ ਹੈ, ਉੱਥੇ ਹੀ ਲੋਕ ਸਭਾ ਚੋਣਾਂ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਜਿਵੇਂ ਸ਼ਿਵਰਾਜ ਸਿੰਘ ਚੌਹਾਨ, ਬਸਵਰਾਜ ਬੋਮਈ, ਮਨੋਹਰ ਲਾਲ ਖੱਟਰ ਅਤੇ ਸਰਬਾਨੰਦ ਸੋਨੋਵਾਲ ਸਰਕਾਰ ਵਿਚ ਸ਼ਾਮਲ ਹੋਣ ਦੇ ਮਜ਼ਬੂਤ ​​ਦਾਅਵੇਦਾਰ ਹਨ।

ਇਹ ਵੀ ਪੜ੍ਹੋ : ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ 7 ਗੁਆਂਢੀ ਦੇਸ਼ਾਂ ਨੂੰ ਸੱਦਾ, ਇਹ 'ਮਹਿਮਾਨ' ਨੇਤਾ ਆਉਣਗੇ ਭਾਰਤ

ਸੂਤਰਾਂ ਨੇ ਦੱਸਿਆ ਕਿ ਤੇਲੁਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਰਾਮ ਮੋਹਨ ਨਾਇਡੂ, ਜਨਤਾ ਦਲ (ਯੂ) ਦੇ ਲਲਨ ਸਿੰਘ, ਸੰਜੇ ਝਾਅ ਅਤੇ ਰਾਮਨਾਥ ਠਾਕੁਰ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਚਿਰਾਗ ਪਾਸਵਾਨ ਉਨ੍ਹਾਂ ਸਹਿਯੋਗੀਆਂ 'ਚ ਸ਼ਾਮਲ ਹੈ, ਜੋ ਨਵੀਂ ਸਰਕਾਰ ਦਾ ਹਿੱਸਾ ਹੋ ਸਕਦੇ ਹਨ। ਮਹਾਰਾਸ਼ਟਰ, ਜਿੱਥੇ ਭਾਜਪਾ-ਸ਼ਿਵਸੈਨਾ-ਰਾਕਾਂਪਾ ਗਠਜੋੜ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ ਅਤੇ ਬਿਹਾਰ, ਜਿੱਥੇ ਵਿਰੋਧੀ ਧਿਰ ਨੇ ਵਾਪਸੀ ਦੇ ਸੰਕੇਤ ਦਿੱਤੇ ਹਨ, ਸਰਕਾਰ ਗਠਨ ਦੀ ਕਵਾਇਦ ਦੌਰਾਨ ਫੋਕਸ 'ਚ ਹੋ ਸਕਦੇ ਹਨ। ਮਹਾਰਾਸ਼ਟਰ 'ਚ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਦੋਂ ਕਿ ਬਿਹਾਰ 'ਚ ਅਗਲੇ ਸਾਲ ਚੋਣਾਂ ਹੋਣਗੀਆਂ। ਦੱਸਣਯੋਗ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ. ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਚੋਂ ਭਾਜਪਾ ਨੂੰ 240 ਸੀਟਾਂ ਮਿਲੀਆਂ ਜਦਕਿ ਟੀ. ਡੀ. ਪੀ. ਨੂੰ 16 ਤੇ ਜੇ. ਡੀ. (ਯੂ) ਨੂੰ 12 ਸੀਟਾਂ ਮਿਲੀਆਂ। ਇਹ ਦੋਵੇਂ ਪਾਰਟੀਆਂ ਐੱਨ. ਡੀ. ਏ. ਦੀਆਂ ਵੱਡੀਆਂ ਭਾਈਵਾਲ ਹਨ। ਸ਼ੁੱਕਰਵਾਰ ਨੂੰ ਸੰਸਦੀ ਦਲ ਦੀ ਬੈਠਕ 'ਚ ਭਾਜਪਾ ਅਤੇ ਹੋਰ ਸਹਿਯੋਗੀ ਦਲਾਂ ਨੇ ਨਰਿੰਦਰ ਮੋਦੀ ਨੂੰ ਇਕ ਵਾਰ ਮੁੜ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ ਸੀ। ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਪਹੁੰਚ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News