ਕੁਝ ਲੋਕ ਨਕਾਰਾਤਮਕਤਾ ਨਾਲ ਭਰੇ ਹਨ, ਉਹ ਦੇਸ਼ ''ਚ ਕੁਝ ਚੰਗਾ ਹੁੰਦਾ ਨਹੀਂ ਵੇਖਣਾ ਚਾਹੁੰਦੇ: PM ਮੋਦੀ

Wednesday, May 10, 2023 - 02:34 PM (IST)

ਕੁਝ ਲੋਕ ਨਕਾਰਾਤਮਕਤਾ ਨਾਲ ਭਰੇ ਹਨ, ਉਹ ਦੇਸ਼ ''ਚ ਕੁਝ ਚੰਗਾ ਹੁੰਦਾ ਨਹੀਂ ਵੇਖਣਾ ਚਾਹੁੰਦੇ: PM ਮੋਦੀ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਕੁਝ ਲੋਕ ਇੰਨੀ ਨਕਾਰਾਤਮਕਤਾ ਨਾਲ ਭਰੇ ਹਨ ਕਿ ਉਹ ਕੁਝ ਵੀ ਚੰਗਾ ਹੁੰਦਾ ਵੇਖਣਾ ਨਹੀਂ ਚਾਹੁੰਦੇ ਅਤੇ ਜੋ ਲੋਕ ਕਦਮ-ਕਦਮ 'ਤੇ ਹਰ ਚੀਜ਼ ਵੋਟ ਦੇ ਤਰਾਜੂ ਨਾਲ ਤੋਲਦੇ ਹਨ, ਉਹ ਕਦੇ ਦੇਸ਼ ਦੇ ਭਵਿੱਖ ਨੂੰ ਧਿਆਨ 'ਚ ਰੱਖ ਕੇ ਯੋਜਨਾ ਨਹੀਂ ਬਣਾ ਪਾਉਂਦੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ, ਸੂਬੇ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੇ ਮੰਤਰ 'ਤੇ ਭਰੋਸਾ ਕਰਦੀ ਹੈ। ਪ੍ਰਧਾਨ ਮੰਤਰੀ ਰਾਜਸਮੰਦ ਦੇ ਨਾਥਦੁਆਰਾ 'ਚ ਵੱਖ-ਵੱਖ ਯੋਜਨਾਵਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। 

ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਡੇ ਦੇਸ਼ 'ਚ ਕੁਝ ਲੋਕ ਅਜਿਹੀ ਖਰਾਬ ਵਿਚਾਰਧਾਰਾ ਦੇ ਸ਼ਿਕਾਰ ਹੋ ਚੁੱਕੇ ਹਨ, ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਦੇਸ਼ 'ਚ ਕੁਝ ਵੀ ਚੰਗਾ ਹੁੰਦਾ ਹੋਇਆ, ਉਹ ਵੇਖਣਾ ਹੀ ਨਹੀਂ ਚਾਹੁੰਦੇ ਅਤੇ ਉਨ੍ਹਾਂ ਨੂੰ ਸਿਰਫ਼ ਵਿਵਾਦ ਖੜ੍ਹਾ ਕਰਨਾ ਹੀ ਚੰਗਾ ਲੱਗਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਕੁਝ ਸੁਣਿਆ ਹੋਵੇਗਾ, ਜਿਵੇਂ ਕੁਝ ਲੋਕ ਉਪਦੇਸ਼ ਦਿੰਦੇ ਹਨ ਕਿ ਆਟਾ ਪਹਿਲਾਂ ਜਾਂ ਡਾਟਾ ਪਹਿਲਾਂ, ਸੜਕ ਪਹਿਲਾਂ ਜਾਂ ਸੈਟੇਲਾਈਟ ਪਹਿਲਾਂ...। ਪਰ ਇਤਿਹਾਸ ਗਵਾਹ ਹੈ ਕਿ ਸਥਾਈ ਵਿਕਾਸ ਲਈ, ਤੇਜ਼ ਵਿਕਾਸ ਲਈ ਮੂਲ ਵਿਵਸਥਾਵਾਂ ਨਾਲ ਹੀ ਆਧੁਨਿਕ ਬੁਨਿਆਦੀ ਢਾਂਚਾ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜੇਕਰ ਪਹਿਲਾਂ ਲੋੜੀਂਦੀ ਗਿਣਤੀ ਵਿਚ ਮੈਡੀਕਲ ਕਾਲਜ ਬਣਾਏ ਗਏ ਹੁੰਦੇ ਤਾਂ ਦੇਸ਼ 'ਚ ਡਾਕਟਰਾਂ ਦੀ ਇੰਨੀ ਕਮੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇਸ਼ ਦੇ ਸਭ ਤੋਂ ਵੱਡੇ ਸੂਬਿਆਂ 'ਚੋਂ ਇਕ ਹੈ, ਰਾਜਸਥਾਨ ਭਾਰਤ ਦੀ ਬਹਾਦਰੀ, ਭਾਰਤ ਦੀ ਵਿਰਾਸਤ, ਭਾਰਤ ਦੇ ਸੱਭਿਆਚਾਰ ਦਾ ਧਾਰਨੀ ਹੈ। ਜਿੰਨਾ ਰਾਜਸਥਾਨ ਦਾ ਵਿਕਾਸ ਹੋਵੇਗਾ, ਭਾਰਤ ਦੇ ਵਿਕਾਸ ਦੀ ਓਨੀ ਹੀ ਰਫ਼ਤਾਰ ਵਧੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸੜਕਾਂ ਨਾਲ ਜੋੜਨ ਤੋਂ ਇਲਾਵਾ ਭਾਰਤ ਸਰਕਾਰ ਸ਼ਹਿਰਾਂ ਨੂੰ ਆਧੁਨਿਕ ਹਾਈਵੇਅ ਨਾਲ ਜੋੜਨ 'ਚ ਵੀ ਲੱਗੀ ਹੋਈ ਹੈ।


author

Tanu

Content Editor

Related News