PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ, ਪਹਿਲੀ ਵਾਰ ਕੀਤੀ ਸਵਾਰੀ

Friday, Sep 30, 2022 - 10:44 AM (IST)

PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ, ਪਹਿਲੀ ਵਾਰ ਕੀਤੀ ਸਵਾਰੀ

ਅਹਿਮਦਾਬਾਦ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਤਮਨਿਰਭਰ ਭਾਰਤ ਦੀ ਨਵੀਂ ਪਛਾਣ ਬਣੀ 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' ਨੂੰ ਗਾਂਧੀਨਗਰ ਕੈਪੀਟਲ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਾਲੂਪੁਰ ਸਥਿਤ ਅਹਿਮਦਾਬਾਦ ਸਟੇਸ਼ਨ ਤੱਕ ਯਾਤਰਾ ਵੀ ਕੀਤੀ। ਪ੍ਰਧਾਨ ਮੰਤਰੀ ਸਵੇਰੇ ਗਾਂਧੀਨਗਰ ਕੈਪੀਟਲ ਸਟੇਸ਼ਨ ਪਹੁੰਚੇ ਜਿੱਥੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਸਟੇਸ਼ਨ 'ਤੇ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਦੇ ਤਹਿਤ ਸਥਾਪਿਤ ਹੈਂਡਲੂਮ ਅਤੇ ਹੈਂਡੀਕ੍ਰਾਫਟਸ ਸਟਾਲ 'ਤੇ ਮਹਿਲਾ ਉੱਦਮੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਰੇਲ ਮੰਤਰੀ ਪ੍ਰਧਾਨ ਮੰਤਰੀ ਨੂੰ ਵੰਦੇ ਭਾਰਤ ਐਕਸਪ੍ਰੈਸ ਦੇ ਡਰਾਈਵਰ ਕੈਬਿਨ 'ਚ ਲੈ ਗਏ ਅਤੇ ਰੇਲਗੱਡੀ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ। ਪੀ.ਐੱਮ. ਮੋਦੀ ਨੇ ਟਰੇਨ ਦੇ ਕੋਚ 'ਚ ਬੈਠਣ ਦੀ ਵਿਵਸਥਾ ਬਾਰੇ ਜਾਣਕਾਰੀ ਲਈ। ਰੇਲ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈਸ 'ਚ ਪਹਿਲੀ ਵਾਰ ਵਰਤੀ ਜਾ ਰਹੀ ਏਅਰ ਸਸਪੈਂਸ਼ਨ ਵੀ ਦਿਖਾਈ। ਇਸ ਤੋਂ ਬਾਅਦ ਸ਼੍ਰੀ ਮੋਦੀ, ਸ਼੍ਰੀ ਵੈਸ਼ਨਵ ਅਤੇ ਹੋਰ ਮਹਿਮਾਨਾਂ ਨੇ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

PunjabKesari

ਇਹ ਟਰੇਨ ਕੁਝ ਦੂਰੀ 'ਤੇ ਚੱਲਣ ਤੋਂ ਬਾਅਦ ਰੁਕੀ ਅਤੇ ਫਿਰ ਪ੍ਰਧਾਨ ਮੰਤਰੀ, ਰੇਲ ਮੰਤਰੀ, ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਮਹੱਤਵਪੂਰਨ ਮਹਿਮਾਨ ਰੇਲਗੱਡੀ 'ਚ ਸਵਾਰ ਹੋ ਕੇ ਅਹਿਮਦਾਬਾਦ ਸਟੇਸ਼ਨ ਚਲੇ ਗਏ। ਇਹ ਪਹਿਲੀ ਵਾਰ ਹੈ ਜਦੋਂ ਸ਼੍ਰੀ ਮੋਦੀ ਨੇ ਨਿਊ ਇੰਡੀਆ ਦੀ ਨਵੀਂ ਪਛਾਣ ਵਜੋਂ ਜਾਣੀ ਜਾਂਦੀ ਇਸ ਰੇਲਗੱਡੀ 'ਚ ਸਫ਼ਰ ਕਰਨ ਦਾ ਅਨੁਭਵ ਕੀਤਾ ਹੈ। ਯਾਤਰਾ ਦੌਰਾਨ PM ਮੋਦੀ ਕਾਫੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਹਿਲੀ ਵੰਦੇ ਭਾਰਤ ਟਰੇਨ ਦਾ ਉਦਘਾਟਨ 15 ਫਰਵਰੀ 19 ਨੂੰ ਕੀਤਾ ਸੀ ਪਰ ਉਸ 'ਚ ਸਵਾਰ ਹੋ ਕੇ ਇਕ ਸਟੇਸ਼ਨ ਤੋਂ ਦੂਜੇ ਸਥਾਨ 'ਤੇ ਉਹ ਇਸ ਤੋਂ ਪਹਿਲਾਂ ਕਦੇ ਨਹੀਂ ਗਏ ਹਨ। ਅਹਿਮਦਾਬਾਦ ਤੋਂ ਇਹ ਟਰੇਨ ਦੁਪਹਿਰ ਕਰੀਬ 2 ਵਜੇ ਮੁੰਬਈ ਲਈ ਰਵਾਨਾ ਹੋਵੇਗੀ। ਵਡੋਦਰਾ ਅਤੇ ਸੂਰਤ 'ਚ ਰੁਕ ਕੇ ਇਹ ਟਰੇਨ ਸ਼ਾਮ ਕਰੀਬ 7.35 ਵਜੇ ਮੁੰਬਈ ਸੈਂਟਰਲ ਪਹੁੰਚੇਗੀ। ਮੁੰਬਈ ਅਤੇ ਗਾਂਧੀਨਗਰ ਵਿਚਾਲੇ ਇਹ ਟਰੇਨ 1 ਅਕਤੂਬਰ ਤੋਂ ਆਮ ਯਾਤਰੀਆਂ ਲਈ ਚੱਲਣੀ ਸ਼ੁਰੂ ਹੋ ਜਾਵੇਗੀ। ਵੰਦੇ ਭਾਰਤ ਐਕਸਪ੍ਰੈਸ ਇਹ 519 ਕਿਲੋਮੀਟਰ ਦਾ ਸਫ਼ਰ ਕਰੀਬ ਸਾਢੇ ਛੇ ਘੰਟੇ ਵਿੱਚ ਤੈਅ ਕਰੇਗੀ। ਰੇਲ ਗੱਡੀ ਦੀ ਔਸਤ ਰਫ਼ਤਾਰ 87 ਤੋਂ 89 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਜਦਕਿ ਵੱਧ ਤੋਂ ਵੱਧ ਗਤੀ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਵੰਦੇ ਭਾਰਤ ਐਕਸਪ੍ਰੈਸ 'ਚ 16 ਕੋਚ ਹੋਣਗੇ। ਦੋਵੇਂ ਸਿਰੇ 'ਤੇ ਡਰਾਈਵਰ ਕੈਬਿਨ ਵਾਲੇ ਸੀ-1 ਅਤੇ ਸੀ-14 ਕੋਚਾਂ 'ਚ 44-44 ਸੀਟਾਂ ਹਨ,  ਆਮ ਚੇਅਰ ਕਾਰ ਵਿਚ 78-78 ਸੀਟਾਂ ਅਤੇ ਦੋ ਕਾਰਜਕਾਰੀ ਕੋਚਾਂ ਵਿਚ 52-52 ਸੀਟਾਂ ਹਨ। ਇਸ ਤਰ੍ਹਾਂ ਕੁੱਲ 1128 ਯਾਤਰੀ ਟਰੇਨ 'ਚ ਸਵਾਰ ਹੋ ਸਕਦੇ ਹਨ। ਟਰੇਨ ਦਾ ਕਿਰਾਇਆ ਐਗਜ਼ੀਕਿਊਟਿਵ ਕਲਾਸ 'ਚ 955 ਤੋਂ 2505 ਰੁਪਏ ਅਤੇ ਏ.ਸੀ. ਚੇਅਰ ਕਾਰ 'ਚ 515 ਤੋਂ 950 ਰੁਪਏ ਤੱਕ ਹੋਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News