PM ਮੋਦੀ ਨੇ ਰਾਮਾਨੁਜਾਚਾਰੀਆ ਦਾ 216 ਫੁੱਟ ਉੱਚਾ ਬੁੱਤ ਦੇਸ਼ ਨੂੰ ਕੀਤਾ ਅਰਪਣ
Monday, Feb 07, 2022 - 11:28 AM (IST)
ਹੈਦਰਾਬਾਦ/ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਰਾਮਾਨੁਜਾਚਾਰੀਆ ਦਾ 216 ਫੁੱਟ ਉੱਚਾ ਬੁੱਤ ਦੇਸ਼ ਨੂੰ ਅਰਪਣ ਕੀਤਾ। ਇਹ ਬੁੱਤ 11ਵੀਂ ਸਦੀ ਦੇ ਵੈਸ਼ਣਵ ਸੰਤ ਰਾਮਾਨੁਜਾਚਾਰੀਆ ਦਾ ਹੈ। ਉਨ੍ਹਾਂ ਦੇ ਜਨਮ ਦੇ ਇਕ ਹਜ਼ਾਰ ਸਾਲ ਪੂਰੇ ਹੋ ਚੁੱਕੇ ਹਨ, ਅਜਿਹੇ ਵਿਚ ਪ੍ਰਧਾਨ ਮੰਤਰੀ ਵਲੋਂ ਸੰਤ ਨੂੰ ਇਹ ਵੱਡਾ ਸਨਮਾਨ ਦਿੱਤਾ ਗਿਆ ਹੈ।
ਦੱਸਿਆ ਗਿਆ ਹੈ ਕਿ ‘ਸਮਾਨਤਾ ਦਾ ਬੁੱਤ’ ਬੈਠੀ ਹੋਈ ਮੁਦਰਾ ’ਚ ਦੂਜਾ ਸਭ ਤੋਂ ਉੱਚਾ ਬੁੱਤ ਹੈ। ਇਸ ਨੂੰ ਇਕ ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਲਈ ਸੋਨਾ, ਚਾਂਦੀ, ਤਾਂਬਾ, ਪਿੱਤਲ ਦਾ ਇਸਤੇਮਾਲ ਕੀਤਾ ਗਿਆ ਹੈ। ਬੁੱਤ ਤੋਂ ਇਲਾਵਾ 63,444 ਵਰਗ ਫੁੱਟ ਦੇ ਖੇਤਰ ਵਿਚ ਇਕ ਵਿਸ਼ਾਲ ਫੋਟੋ ਗੈਲਰੀ ਵਿਚ ਤਿਆਰ ਕੀਤੀ ਗਈ ਹੈ, ਜਿੱਥੇ ਸੰਤ ਰਾਮਾਨੁਜਾਚਾਰੀਆ ਦੀ ਪੂਰਾ ਜੀਵਨ ਵੇਖਣ ਨੂੰ ਮਿਲੇਗਾ।
ਕੀ ਬੋਲੇ ਨਰਿੰਦਰ ਮੋਦੀ-
ਇਸ ਖ਼ਾਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਵਿਸਥਾਰ ਨਾਲ ਸੰਤ ਰਾਮਾਨੁਜਾਚਾਰੀਆ ਦੇ ਵਿਚਾਰਾਂ ਬਾਰੇ ਦੱਸਿਆ। ਉਨ੍ਹਾਂ ਨੇ ਉਨ੍ਹਾਂ ਨੂੰ ਗਿਆਨ ਦਾ ਸੱਚਾ ਪ੍ਰਤੀਕ ਮੰਨਿਆ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਭੇਦਭਾਵ ਨਹੀਂ ਕਰਦੇ ਸਨ। ਉਹ ਹਮੇਸ਼ਾ ਇਹ ਹੀ ਚਾਹੁੰਦੇ ਸਨ ਕਿ ਸਾਰਿਆਂ ਦਾ ਵਿਕਾਸ ਹੋਵੇ, ਸਾਰਿਆਂ ਨੂੰ ਸਮਾਜਿਕ ਨਿਆਂ ਮਿਲੇ। ਦੇਸ਼ ਦੇ ਹਰ ਕੋਨੇ ਵਿਚ ਹੁਣ ਉਨ੍ਹਾਂ ਦੇ ਗਿਆਨ ਦੀ ਚਰਚਾ ਹੈ, ਉਨ੍ਹਾਂ ਦੀ ਵਿਚਾਰਧਾਰਾ ਦਾ ਸਨਮਾਨ ਹੈ।