PM ਮੋਦੀ ਨੇ ਭਿਆਨਕ ਗਰਮੀ ਨਾਲ ਨਜਿੱਠਣ ਅਤੇ ਮਾਨਸੂਨ ਦੀਆਂ ਤਿਆਰੀਆਂ ’ਤੇ ਕੀਤਾ ਮੰਥਨ

Friday, May 06, 2022 - 01:42 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਨਾਲ ਨਜਿੱਠਣ ਅਤੇ ਮਾਨਸੂਨ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਲਈ ਆਯੋਜਿਤ ਇਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਭਿਆਨਕ ਗਰਮੀ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ ਦੀ ਜ਼ਰੂਰਤ ਦੱਸੀ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਇਕ ਬਿਆਨ ’ਚ ਕਿਹਾ ਕਿ ਇਸ ਬੈਠਕ ’ਚ ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਨੇ ਪੂਰੇ ਦੇਸ਼ ’ਚ ਮਾਰਚ ਤੋਂ ਮਈ 2022 ਦੌਰਾਨ ਤਾਪਮਾਨ ਉੱਚਾ ਬਣੇ ਰਹਿਣ ਬਾਰੇ ਜਾਣਕਾਰੀ ਦਿੱਤੀ। ਪੀ. ਐੱਮ. ਓ. ਦੇ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਸਾਨੂੰ ਭਿਆਨਕ ਗਰਮੀ ਜਾਂ ਅੱਗ ਦੀਆਂ ਘਟਨਾਵਾਂ ਨਾਲ ਲੋਕਾਂ ਦੀ ਮੌਤ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣੇ ਹੋਣਗੇ।’’

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ’ਤੇ ਕਾਰਵਾਈ ’ਚ ਘੱਟ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਬੈਠਕ ’ਚ ਕਿਹਾ ਕਿ ਵਧਦੇ ਤਾਪਮਾਨ ਨੂੰ ਵੇਖਦੇ ਹੋਏ ਹਸਪਤਾਲਾਂ ’ਚ ਫਾਇਰ ਸੇਫਟੀ ਆਡਿਟ ਨਿਯਮਿਤ ਤੌਰ ’ਤੇ ਕੀਤੇ ਜਾਣ ਦੀ ਜ਼ਰੂਰਤ ਹੈ। ਮੋਦੀ ਨੇ ਦੇਸ਼ ਭਰ ’ਚ ਵੰਨ-ਸੁਵੰਨਤਾਪੂਰਨ ਜੰਗਲਾਤ ਵਾਤਾਵਰਣ ਪ੍ਰਣਾਲੀ ’ਚ ਜੰਗਲਾਂ ’ਚ ਅੱਗ ਲੱਗਣ ਦੇ ਖਤਰੇ ਨੂੰ ਘੱਟ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਦੱਸੀ। ਉਨ੍ਹਾਂ ਸੰਭਾਵੀ ਅੱਗ ਦੀ ਘਟਨਾ ਦਾ ਸਮੇਂ ’ਤੇ ਪਤਾ ਲਗਾਉਣ, ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਇਸ ਤੋਂ ਬਾਅਦ ਪੂਰਤੀ ਲਈ ਜੰਗਲਾਤ ਕਰਮਚਾਰੀਆਂ ਅਤੇ ਸੰਸਥਾਵਾਂ ਦੀ ਸਮਰੱਥਾ ਵਧਾਉਣ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਹੁਕਮ ਦਿੱਤਾ ਕਿ ਆਉਂਦੇ ਮਾਨਸੂਨ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਨਿਗਰਾਨੀ ਲਈ ਬੰਦੋਬਸਤ ਯਕੀਨੀ ਤੌਰ ’ਤੇ ਕੀਤੇ ਜਾਣ, ਤਾਂ ਕਿ ਪਾਣੀ ਦੂਸ਼ਿਤ ਨਾ ਹੋਵੇ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਨਾ ਫੈਲਣ। ਪੀ. ਐੱਮ. ਓ. ਨੇ ਦੱਸਿਆ ਕਿ ਬੈਠਕ ’ਚ ਦੱਖਣ-ਪੱਛਮੀ ਮਾਨਸੂਨ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਸੂਬਿਆਂ ਨੂੰ ‘ਹੜ੍ਹ ਤਿਆਰੀਆਂ ਦੀ ਯੋਜਨਾ’ ਬਣਾਉਣ ਦੀ ਸਲਾਹ ਵੀ ਦਿੱਤੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News