ਪੀ. ਐੱਮ. ਮੋਦੀ ਦੇ ਜਨਮ ਦਿਨ ''ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
Thursday, Sep 17, 2020 - 08:00 AM (IST)
ਕਾਠਮੰਡੂ- ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਦਿਲੋਂ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਈ ਕੰਮ ਕਰਦੇ ਰਹਿਣਗੇ। ਦੱਸ ਦਈਏ ਕਿ ਪੀ. ਐੱਮ. ਮੋਦੀ ਅੱਜ 70 ਸਾਲ ਦੇ ਹੋ ਗਏ ਹਨ।
ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਓਲੀ ਨੇ ਟਵੀਟ ਕੀਤਾ," ਸ੍ਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ। ਅਸੀਂ ਦੋਵੇਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹੋਰ ਨੇੜਿਓਂ ਕੰਮ ਕਰਨਾ ਜਾਰੀ ਰੱਖਾਂਗੇ।"
ਜ਼ਿਕਰਯੋਗ ਹੈ ਕਿ ਭਾਰਤ ਅਤੇ ਨੇਪਾਲ ਦਰਮਿਆਨ ਸੰਬੰਧ ਹਮੇਸ਼ਾ ਚੰਗੇ ਰਹੇ ਹਨ, ਪਰ ਕੁਝ ਮਹੀਨੇ ਪਹਿਲਾਂ ਗੁਆਂਢੀ ਦੇਸ਼ ਦੇ ਇਕ ਨਵੇਂ ਨਕਸ਼ੇ ਵਿਚ ਕਾਲਾਪਾਣੀ, ਲਿਮਪਿਆਧੁਰਾ ਅਤੇ ਲਿਪੁਲੇਖ ਨੂੰ ਨੇਪਾਲ ਦੇ ਖੇਤਰ ਵਜੋਂ ਪੇਸ਼ ਕਰਨ ਨਾਲ ਸੰਬੰਧਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚੀ ਹੈ।