ਜਰਮਨੀ ਅਤੇ UAE ਦੀ ਯਾਤਰਾ ’ਤੇ ਜਾਣਗੇ PM ਮੋਦੀ, 15 ਤੋਂ ਵੱਧ ਪ੍ਰੋਗਰਾਮਾਂ ’ਚ ਹੋਣਗੇ ਸ਼ਾਮਲ

Saturday, Jun 25, 2022 - 03:06 PM (IST)

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀ ਯਾਤਰਾ ਦੌਰਾਨ 12 ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ ਅਤੇ 15 ਤੋਂ ਵੱਧ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਮਿਊਨਿਖ ’ਚ ਭਾਰਤੀ ਭਾਈਚਾਰੇ ਨਾਲ ਸਬੰਧਤ ਇਕ ਸਮਾਗਮ ਨੂੰ ਸੰਬੋਧਨ ਕਰਨਗੇ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 26 ਅਤੇ 27 ਜੂਨ ਨੂੰ ਹੋਣ ਵਾਲੇ ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਜਰਮਨੀ ਜਾਣਗੇ।

ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ 'ਤੇ ਸੋਗ ਪ੍ਰਗਟ ਕਰਨ ਲਈ 28 ਜੂਨ ਨੂੰ ਖਾੜੀ ਦੇਸ਼ ਦਾ ਦੌਰਾ ਕਰਨਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਆਪਣੇ ਕਰੀਬ 60 ਘੰਟੇ ਦੇ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ G7 ਦੀ ਬੈਠਕ ਵਿਚ ਸ਼ਾਮਲ ਹੋਣ ਤੋਂ ਇਲਾਵਾ ਕਈ ਦੁਵੱਲੀਆਂ ਮੀਟਿੰਗਾਂ ਕਰਨਗੇ। 

ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਸ਼ਿਖਰ ਸੰਮੇਲਨ ਤੋਂ ਇਲਾਵਾ ਜੀ-7 ਦੇ ਨੇਤਾਵਾਂ ਅਤੇ ਦੌਰੇ 'ਤੇ ਆਏ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਅਤੇ ਚਰਚਾ ਕਰਨਗੇ। ਭਾਰਤ ਤੋਂ ਇਲਾਵਾ ਜਰਮਨੀ ਨੇ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਨੂੰ ਵੀ ਮਹਿਮਾਨ ਵਜੋਂ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।


Tanu

Content Editor

Related News