G-20 ਸੰਮੇਲਨ 'ਚ ਸ਼ਾਮਲ ਹੋਣ ਲਈ ਬਾਲੀ ਪਹੁੰਚੇ PM ਮੋਦੀ, 45 ਘੰਟਿਆਂ 'ਚ ਕਰਨਗੇ 20 ਵੱਡੀਆਂ ਮੀਟਿੰਗਾਂ
Monday, Nov 14, 2022 - 09:44 PM (IST)
ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਹੀ ਨਵੀਂ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਬਾਲੀ ਲਈ ਫਲਾਈਟ ਲਈ ਸੀ। ਮੋਦੀ ਤਿੰਨ ਦਿਨ ਬਾਲੀ 'ਚ ਰਹਿਣਗੇ। ਇਸ ਦੌਰਾਨ ਉਹ 20 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਬਾਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਵਿਸ਼ਵ ਆਰਥਿਕ ਵਿਕਾਸ ਨੂੰ ਮੁੜ ਸੁਰਜੀਤ ਕਰਨ, ਭੋਜਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਿਹਤ ਅਤੇ ਡਿਜੀਟਲ ਤਬਦੀਲੀ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਬਾਲੀ ਵਿੱਚ ਜੀ-20 ਸਮੂਹ ਦੇ ਨੇਤਾਵਾਂ ਨਾਲ ਵਿਆਪਕ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਾਰਤ ਦੀਆਂ ਪ੍ਰਾਪਤੀਆਂ ਅਤੇ ਵਿਸ਼ਵ ਚੁਣੌਤੀਆਂ ਨੂੰ ਸਮੂਹਿਕ ਤੌਰ ''ਤੇ ਹੱਲ ਕਰਨ ਲਈ ਇਸ ਦੀ 'ਮਜ਼ਬੂਤ ਵਚਨਬੱਧਤਾ' ਨੂੰ ਵੀ ਰੇਖਾਂਕਿਤ ਕਰਨਗੇ।
ਬਾਈਡਨ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਕਈ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ ਅਤੇ ਇੰਡੋਨੇਸ਼ੀਆ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਜੇਕਰ ਦੋਹਾਂ ਵਿਚਾਲੇ ਮੁਲਾਕਾਤ ਹੁੰਦੀ ਹੈ ਤਾਂ ਇਹ ਜੂਨ 2020 'ਚ ਗਲਵਾਨ ਘਾਟੀ 'ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਪਹਿਲੀ ਬੈਠਕ ਹੋਵੇਗੀ। ਦੋਵੇਂ ਨੇਤਾ ਸਤੰਬਰ ਵਿੱਚ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ) ਸੰਮੇਲਨ ਵਿੱਚ ਸ਼ਾਮਲ ਹੋਏ ਸਨ, ਪਰ ਉਦੋਂ ਦੋਵਾਂ ਵਿਚਾਲੇ ਕੋਈ ਮੀਟਿੰਗ ਨਹੀਂ ਹੋਈ ਸੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਿਖਰ ਸੰਮੇਲਨ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇਸ਼ ਦੀ ਪ੍ਰਤੀਨਿਧਤਾ ਕਰਨਗੇ। ਪੁਤਿਨ ਦੇ ਇਸ ਫੈਸਲੇ ਦਾ ਪੱਛਮੀ ਦੇਸ਼ਾਂ ਦੇ ਨੇਤਾਵਾਂ ਦੇ ਇਰਾਦਿਆਂ 'ਤੇ ਕੋਈ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ, ਜੋ ਰੂਸ ਦੇ ਯੂਕਰੇਨ 'ਤੇ ਹਮਲੇ ਦੀ ਖੁੱਲ੍ਹ ਕੇ ਨਿੰਦਾ ਕਰਨ ਲਈ ਤਿਆਰ ਹਨ। ਸੰਮੇਲਨ ਵਿਚ ਭੋਜਨ ਅਤੇ ਊਰਜਾ ਸੁਰੱਖਿਆ 'ਤੇ ਚਰਚਾ ਦੌਰਾਨ ਰੂਸ ਨੂੰ ਸਖ਼ਤ ਨਿੰਦਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਲੰਡਨ ਲਈ ਰਵਾਨਾ ਹੋਣ ਤੋਂ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਜੀ-20 ਸੰਮੇਲਨ ਇਸ ਵਾਰ ਆਮ ਵਾਂਗ ਨਹੀਂ ਹੋਵੇਗਾ। ਇੰਡੋਨੇਸ਼ੀਆ ਜੀ-20 ਦੇ ਮੌਜੂਦਾ ਚੇਅਰਮੈਨ ਹਨ। ਭਾਰਤ 1 ਦਸੰਬਰ ਤੋਂ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ।