ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ
Monday, Mar 07, 2022 - 05:13 PM (IST)
ਨੈਸ਼ਨਲ ਡੈਸਕ– ਰੂਸ ਅਤੇ ਯੂਕ੍ਰੇਨ ਵਿਚਾਲ ਜਾਰੀ ਜੰਗ ਦਾ ਅੱਜ 12ਵਾਂ ਦਿਨ ਹੈ। ਰੂਸੀ ਫ਼ੌਜ ਵਲੋਂ ਲਗਾਤਾਰ ਹਮਲੇ ਕਾਰਨ ਯੂਕ੍ਰੇਨ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਤਬਾਹੀ ਦਰਮਿਆਨ ਦੁਨੀਆ ਭਰ ’ਚ ਸ਼ਾਂਤੀ ਦੀ ਅਪੀਲ ਹੋ ਰਹੀ ਹੈ। ਇਸ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 21 ਸਾਲ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਾਲ 2001 ਦੀ ਹੈ। ਵਾਇਰਲ ਤਸਵੀਰ ’ਚ ਨਜ਼ਰ ਆ ਰਿਹਾ ਹੈ ਕਿ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੁਰਸੀ ’ਤੇ ਬੈਠੇ ਹੋਏ ਸਨ। ਦੋਹਾਂ ਨੇਤਾਵਾਂ ਵਿਚਾਲੇ ਮੀਟਿੰਗ ਚੱਲ ਰਹੀ ਸੀ ਅਤੇ ਪਿੱਛੇ ਨਰਿੰਦਰ ਮੋਦੀ ਖੜ੍ਹੇ ਨਜ਼ਰ ਆ ਰਹੇ ਹਨ। ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ। ਦੋ ਦਹਾਕੇ ਪਹਿਲਾਂ ਦੀ ਇਹ ਤਸਵੀਰ ਬਹੁਤ ਕੁਝ ਕਹਿੰਦੀ ਹੈ। ਲੋਕ ਇਸ ਤਸਵੀਰ ਨੂੰ ਇਤਿਹਾਸਕ ਦੱਸ ਰਹੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ
ਇਹ ਤਸਵੀਰ ਅਜਿਹੇ ਸਮੇਂ ’ਚ ਵਾਇਰਲ ਹੋ ਰਹੀ ਹੈ, ਜਦੋਂ ਯੂਕ੍ਰੇਨ ’ਤੇ ਰੂਸ ਹਮਲੇ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਹੈ। ਇਸ ਸਮੇਂ ਭਾਰਤ, ਯੂਕ੍ਰੇਨ ’ਚ ਫਸੇ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਰਿਹਾ ਹੈ।
ਪੁਤਿਨ ਨੇ ਵੀ ਸੋਚਿਆ ਨਹੀਂ ਹੋਵੇਗਾ-
21 ਸਾਲ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਅਤੇ ਵਲਾਦੀਮੀਰ ਪੁਤਿਨ ਮਿਲ ਰਹੇ ਸਨ, ਉਸ ਸਮੇਂ ਪੁਤਿਨ ਨੇ ਵੀ ਸੋਚਿਆ ਨਹੀਂ ਹੋਵੇਗਾ ਕਿ ਇਕ ਦਿਨ ਜੋ ਸ਼ਖਸ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ, ਉਹ ਦੁਨੀਆ ਦੇ ਇਕ ਤਾਕਤਵਰ ਨੇਤਾ ਦੇ ਰੂਪ ’ਚ ਉਭਰੇਗਾ। ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਤਾਂ ਦੁਨੀਆ ਭਰ ਦੇ ਨੇਤਾ ਹੈਰਾਨ ਰਹਿ ਗਏ। ਉਹ ਇਸ ਸੰਕਟ ’ਚੋਂ ਨਿਕਲਣ ਦਾ ਉਪਾਅ ਸੋਚ ਰਹੇ ਸਨ, ਉਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰ ਕੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਵੀ ਬਣਾ ਲਈ। ਮੋਦੀ ਅਤੇ ਪੁਤਿਨ ਵਿਚਾਲੇ ਚੰਗੀ ਦੋਸਤੀ ਹੈ, ਇਹ ਗੱਲ ਪੂਰੀ ਦੁਨੀਆ ਜਾਣਦੀ ਹੈ। ਪ੍ਰਧਾਨ ਮਤੰਰੀ ਮੋਦੀ ਨੇ ਰੂਸ ਦੇ ਯੂਕ੍ਰੇਨ ’ਤੇ ਹਮਲੇ ਦੇ ਕੁਝ ਹੀ ਘੰਟਿਆਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕੀਤੀ ਸੀ। ਪੁਤਿਨ ਨਾਲ ਗੱਲਬਾਤ ਮਗਰੋਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਨੂੰ ਯੂਕ੍ਰੇਨ ’ਚੋਂ ਕੱਢਣ ਲਈ ‘ਆਪ੍ਰੇਸ਼ਨ ਗੰਗਾ’ ਚਲਾਇਆ ਸੀ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਰਜੋਤ ਸਿੰਘ ਦੀ ਅੱਜ ਹੋਵੇਗੀ ਵਤਨ ਵਾਪਸੀ
ਪ੍ਰਧਾਨ ਮੰਤਰੀ ਮੋਦੀ ਵੀ ਨਹੀਂ ਭੁੱਲੇ ਉਹ ਮੁਲਾਕਾਤ-
2001 ਦੀ ਰੂਸ ’ਚ ਪੁਤਿਨ ਨਾਲ ਉਹ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਵੀ ਨਹੀਂ ਭੁੱਲੇ ਹਨ। ਸਾਲ 2019 ’ਚ ਜਦੋਂ 20ਵੇਂ ਭਾਰਤ-ਰੂਸ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਮਾਸਕੋ ਗਏ ਤਾਂ ਉਨ੍ਹਾਂ ਨੇ 4 ਤਸਵੀਰਾਂ ਟਵੀਟ ਕੀਤੀਆਂ ਸਨ। ਦੋ ਤਸਵੀਰਾਂ 2001 ਦੀਆਂ ਹਨ ਅਤੇ ਦੋ ਉਸ ਸਮੇਂ ਦੀਆਂ ਸਨ। ਉਨ੍ਹਾਂ ਨੇ ਪੁਤਿਨ ਨਾਲ ਮੁਲਾਕਾਤ ਨੂੰ ਲੈ ਕੇ ਰੂਸ ਦੀ ਨਿਊਜ਼ ਏਜੰਸੀ ਨੂੰ ਕਿਹਾ, ‘‘ਉਦੋਂ ਮੈਂ ਮਾਸਕੋ ਆਇਆ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ। ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਅਤੇ ਸਾਡੀ ਇਹ ਪਹਿਲੀ ਮੁਲਾਕਾਤ ਸੀ ਪਰ ਪੁਤਿਨ ਨੇ ਇਹ ਨਹੀਂ ਲੱਗਣ ਦਿੱਤਾ ਕਿ ਮੈਂ ਘੱਟ ਮਹੱਤਵਪੂਰਨ ਹਾਂ ਅਤੇ ਇਕ ਛੋਟੇ ਸੂਬੇ ਤੋਂ ਹਾਂ ਜਾਂ ਨਵਾਂ ਵਿਅਕਤੀ ਹਾਂ। ਪੁਤਿਨ ਨੇ ਮੇਰੇ ਨਾਲ ਦੋਸਤੀ ਭਰਿਆ ਵਤੀਰਾ ਕੀਤਾ ਅਤੇ ਦੋਸਤੀ ਦੇ ਦਰਵਾਜ਼ੇ ਖੁੱਲ੍ਹ ਗਏ।
ਇਹ ਵੀ ਪੜ੍ਹੋ: PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫੋਨ ’ਤੇ ਕੀਤੀ ਗੱਲ, ਦਿੱਤੀ ਇਹ ਸਲਾਹ