ਦੇਸ਼ ਨੇ ਅਸਾਧਾਰਣ ਵਕੀਲ, ਮਸ਼ਹੂਰ ਸ਼ਖਸੀਅਤ ਨੂੰ ਗੁਆ ਦਿੱਤਾ : ਮੋਦੀ
Sunday, Sep 08, 2019 - 12:34 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਮ ਜੇਠਮਲਾਨੀ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਅਸਾਧਾਰਣ ਹੁਨਰ ਦੇ ਧਨੀ ਵਕੀਲ ਅਤੇ ਮਸ਼ਹੂਰ ਸ਼ਖਸੀਅਤ ਨੂੰ ਗੁਆ ਦਿੱਤਾ, ਜਿਨ੍ਹਾਂ ਨੇ ਅਦਾਲਤਾਂ ਅਤੇ ਸੰਸਦ 'ਚ ਕਾਫੀ ਯੋਗਦਾਨ ਦਿੱਤਾ। ਜੇਠਮਲਾਨੀ ਦਾ 95 ਸਾਲ ਦੀ ਉਮਰ ਵਿਚ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਅਧਿਕਾਰਤ ਆਵਾਸ 'ਤੇ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨੇ ਮਸ਼ਹੂਰ ਵਕੀਲ ਦੀ ਸਭ ਤੋਂ ਚੰਗੀ ਖੂਬੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੇਠਮਲਾਨੀ ਵਿਚ ਆਪਣੇ ਵਿਚਾਰਾਂ ਨੂੰ ਰੱਖਣ ਦੀ ਸਮਰੱਥਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਡਰ ਦੇ ਅਜਿਹਾ ਕਰਦੇ ਸਨ। ਐਮਰਜੈਂਸੀ ਦੇ ਬੁਰੇ ਦਿਨਾਂ ਦੌਰਾਨ ਉਨ੍ਹਾਂ ਨੇ ਧੀਰਜ ਅਤੇ ਜਨਤਕ ਆਜ਼ਾਦੀ ਲਈ ਉਨ੍ਹਾਂ ਦੀ ਲੜਾਈ ਨੂੰ ਯਾਦ ਰੱਖਿਆ ਜਾਵੇਗਾ।
ਪੀ. ਐੱਮ. ਮੋਦੀ ਨੇ ਟਵੀਟ ਕੀਤਾ, ''ਰਾਮ ਜੇਠਮਲਾਨੀ ਜੀ ਦੇ ਦਿਹਾਂਤ ਨਾਲ ਭਾਰਤ ਨੇ ਇਕ ਅਸਾਧਾਰਣ ਹੁਨਰ ਦੇ ਧਨੀ ਵਕੀਲ ਅਤੇ ਮਸ਼ਹੂਰ ਹਸਤੀ ਨੂੰ ਗੁਆ ਦਿੱਤਾ। ਮੋਦੀ ਨੇ ਕਿਹਾ ਕਿ ਜੇਠਮਲਾਨੀ ਹਾਜ਼ਿਰਜਵਾਬ, ਸਾਹਸੀ ਅਤੇ ਕਿਸੇ ਵੀ ਵਿਸ਼ੇ 'ਤੇ ਖੁਦ ਨੂੰ ਨਿਡਰਤਾਪੂਰਨ ਜ਼ਾਹਰ ਕਰਨ ਤੋਂ ਝਿਜਕਦੇ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਨੂੰ ਕਿਸਮਤਵਾਲਾ ਸਮਝਦਾ ਹਾਂ ਕਿ ਮੈਨੂੰ ਰਾਮ ਜੇਠਮਲਾਨੀ ਜੀ ਨਾਲ ਗੱਲਬਾਤ ਕਰਨ ਦੇ ਕਈ ਮੌਕੇ ਮਿਲੇ। ਦੁੱਖ ਦੇ ਇਨ੍ਹਾਂ ਪਲਾਂ ਵਿਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਕਈ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ ਹੈ। ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਹ ਬੇਸ਼ੱਕ ਇੱਥੇ ਨਾ ਹੋਣ ਪਰ ਰਾਹ ਪੱਧਰਾ ਕਰਨ ਵਾਲਾ ਉਨ੍ਹਾਂ ਦਾ ਕੰਮ ਜਿਊਂਦਾ ਰਹੇਗਾ।