‘PM ਕਿਸਾਨ ਯੋਜਨਾ’ ਤਹਿਤ ਪੈਸੇ ਲੈ ਚੁੱਕੇ 21 ਲੱਖ ਕਿਸਾਨਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

09/08/2022 11:24:25 AM

ਲਖਨਊ (ਬਿਊਰੋ)– ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉੱਤਰ ਪ੍ਰਦੇਸ਼ ’ਚ 21 ਲੱਖ ਤੋਂ ਵੱਧ ਕਿਸਾਨ ਜਾਂਚ ਦੌਰਾਨ ਅਯੋਗ ਪਾਏ ਗਏ। ਹੁਣ ਉਨ੍ਹਾਂ ਕੋਲੋਂ ਯੋਜਨਾ ਤਹਿਤ ਦਿੱਤੀ ਜਾ ਚੁੱਕੀ ਰਕਮ ਦੀ ਵਸੂਲੀ ਕੀਤੀ ਜਾਵੇਗੀ। ਸੂਬੇ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ’ਚ ਕੇਂਦਰ ਦੀ ਉਕਤ ਅਹਿਮ ਯੋਜਨਾ ‘PM ਕਿਸਾਨ ਸਨਮਾਨ ਨਿਧੀ’ ਲਈ 2 ਕਰੋੜ 85 ਲੱਖ ਕਿਸਾਨਾਂ ਦੀ ਚੋਣ ਕੀਤੀ ਗਈ ਸੀ, ਇਨ੍ਹਾਂ ਵਿਚੋਂ 21 ਲੱਖ ਤੋਂ ਵੱਧ ਅਯੋਗ ਪਾਏ ਗਏ ਹਨ। 

ਇਹ ਵੀ ਪੜ੍ਹੋ- ਮੋਦੀ ਕੈਬਨਿਟ ਵਲੋਂ PM-Shri ਸਕੂਲ ਯੋਜਨਾ ਨੂੰ ਮਨਜ਼ੂਰੀ, ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਬਹੁਤ ਸਾਰੇ ਮਾਮਲੇ ਅਜਿਹੇ ਹਨ ਜਿੱਥੇ ਪਤੀ ਤੇ ਪਤਨੀ ਦੋਵੇਂ ਹੀ ਇਸ ਦਾ ਲਾਭ ਉਠਾ ਰਹੇ ਹਨ। ਅਜਿਹੇ ਸਭ ਕਿਸਾਨਾਂ ਕੋਲੋਂ ਹੁਣ ਤੱਕ ਦਿੱਤੀ ਗਈ ਪੂਰੀ ਰਕਮ ਵਾਪਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਦੀ ਪੜਤਾਲ ਇਕ ਰੁਟੀਨ ਪ੍ਰਕਿਰਿਆ ਹੈ। ਉਨ੍ਹਾਂ ਮੁਤਾਬਕ ਹਾਲਾਂਕਿ ਕੁਝ ਸ਼ਿਕਾਇਤਾਂ ਵੀ ਆਈਆਂ ਸਨ, ਜਿਨ੍ਹਾਂ ਨੂੰ ਹੱਲ ਕਰਨ ਲਈ ਪੜਤਾਲ ਵੀ ਕੀਤੀ ਗਈ ਹੈ।

ਮੰਤਰੀ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਪਤੀ-ਪਤਨੀ ਦੋਵੇਂ ਇਸ ਫੰਡ ਦਾ ਲਾਭ ਲੈ ਰਹੇ ਸਨ, ਜਦਕਿ ਨਿਯਮਾਂ ਮੁਤਾਬਕ ਇਨ੍ਹਾਂ ’ਚੋਂ ਸਿਰਫ਼ ਇਕ ਨੂੰ ਹੀ ਇਸ ਯੋਜਨਾ ਦਾ ਲਾਭ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਲਾਭਪਾਤਰੀ ਵੀ ਸ਼ਾਮਲ ਹਨ, ਜੋ ਇਸ ਯੋਜਨਾ ਤਹਿਤ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ, ਜਿਸ ਕਰਕੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਪੋਰਟਲ 'ਤੇ ਇਕ ਕਰੋੜ 51 ਲੱਖ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੀ ਨਿਸ਼ਾਨਦੇਹੀ ਦਾ ਕੰਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣਾ ਡਾਟਾ ਪੋਰਟਲ 'ਤੇ ਅਪਲੋਡ ਕਰਵਾ ਲੈਣ।

ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੀ ਇਕ ਮਹੱਤਵਪੂਰਨ ਯੋਜਨਾ ਹੈ। ਇਸ ਯੋਜਨਾ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟੋ-ਘੱਟ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਅਤੇ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ 1 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਭੇਜੀ ਸੀ। ਇਸ ਯੋਜਨਾ ਤਹਿਤ ਹਰੇਕ ਯੋਗ ਕਿਸਾਨ ਨੂੰ ਤਿੰਨ ਕਿਸ਼ਤਾਂ ’ਚ ਅਦਾਇਗੀ ਕੀਤੀ ਜਾਂਦੀ ਹੈ ਅਤੇ ਸਹਾਇਤਾ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਈ ਜਾਂਦੀ ਹੈ। ਪਿਛਲੀਆਂ ਲੋਕ ਸਭਾ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਵਿਆਪਕ ਪ੍ਰਚਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਇਸ ਤਾਰੀਖ਼ ਨੂੰ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, 2 ਲੱਖ ਤੋਂ ਵੱਧ ਸੰਗਤ ਹੋਈ ਨਤਮਸਤਕ


Tanu

Content Editor

Related News