ਲੇਨਿਨ,ਪੇਰਿਯਾਰ ਤੋਂ ਬਾਅਦ ਹੁਣ ਤੋੜੀ ਗਈ ਸ਼ਿਆਮ ਪ੍ਰਸਾਦ ਮੁਖਰਜੀ ਦੀ ਮੂਰਤੀ, PM  ਨੇ ਕੀਤੀ ਨਿੰਦਾ

03/08/2018 9:06:16 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ 'ਚ ਵੱਖ-ਵੱਖ ਸ਼ਖਸੀਅਤਾਂ ਦੇ ਬੁੱਤਾਂ ਨੂੰ ਤੋੜੇ ਜਾਣ ਦੀਆਂ ਘਟਨਾਵਾਂ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। 
ਉਨ੍ਹਾਂ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਚ ਸ਼ਾਮਲ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਮੋਦੀ ਨੇ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ। 
ਕੋਲਕਾਤਾ 'ਚ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬੁੱਤ ਤੋੜਿਆ : ਕੋਲਕਾਤਾ ਤੋਂ ਮਿਲੀਆਂ ਖਬਰਾਂ ਮੁਤਾਬਕ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਦੱਖਣੀ ਕੋਲਕਾਤਾ ਵਿਖੇ ਸਥਿਤ ਬੁੱਤ ਨੂੰ ਬੁੱਧਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਤੋੜ ਦਿੱਤਾ। 
ਪੁਲਸ ਸੂਤਰਾਂ ਮੁਤਾਬਕ ਬੁੱਤ ਨੂੰ ਅੰਸ਼ਿਕ ਨੁਕਸਾਨ ਪੁੱਜਾ। ਉਸ ਦੇ ਚਿਹਰੇ 'ਤੇ ਕਾਲਿਖ ਮਲ ਦਿੱਤੀ ਗਈ। ਨੇੜਿਓਂ ਹੀ ਇਕ ਪੋਸਟਰ ਵੀ ਮਿਲਿਆ, ਜਿਸ 'ਤੇ ਸ਼ਬਦ 'ਕੱਟੜਪੰਥੀ' ਲਿਖਿਆ ਹੋਇਆ ਹੈ।
ਤਾਮਿਲਨਾਡੂ 'ਚ ਵੀ ਬੁੱਤ ਤੋੜਿਆ : ਤਾਮਿਲਨਾਡੂ ਦੇ ਵੇਲੂਰ ਜ਼ਿਲੇ 'ਚ ਚਿੰਤਕ ਪੇਰੀਆਰ ਦੇ ਬੁੱਤ ਨੂੰ ਮੰਗਲਵਾਰ ਰਾਤ ਨੁਕਸਾਨ ਪਹੁੰਚਾਇਆ ਗਿਆ। ਇਸ ਘਟਨਾ ਪਿੱਛੋਂ ਉਥੇ ਖਿਚਾਅ ਵਰਗੀ ਸਥਿਤੀ ਪੈਦਾ ਹੋ ਗਈ।
ਮੇਰਠ 'ਚ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ: ਉੱਤਰ ਪ੍ਰਦੇਸ਼ ਦੇ ਮੇਰਠ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜੇ ਜਾਣ ਦੀ ਖਬਰ ਹੈ। ਘਟਨਾ ਪਿੱਛੋਂ ਇਲਾਕੇ 'ਚ ਖਿਚਾਅ ਪੈਦਾ ਹੋ ਗਿਆ। ਖਬਰਾਂ ਮੁਤਾਬਕ ਮੇਰਠ ਦੇ ਮਦਾਨਾ ਥਾਣਾ ਖੇਤਰ 'ਚ ਲੱਗਾ ਡਾ. ਅੰਬੇਡਕਰ ਦਾ ਬੁੱਤ ਬੁੱਧਵਾਰ ਸਵੇਰੇ ਨੁਕਸਾਨੀ ਹਾਲਤ 'ਚ ਮਿਲਿਆ।
ਦੋਸ਼ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਮੰਗਲਵਾਰ ਰਾਤ ਦੇਰ ਗਏ ਇਸ ਘਟਨਾ ਨੂੰ ਅੰਜਾਮ ਦਿੱਤਾ। ਬੁੱਤ ਨੂੰ ਤੋੜਨ ਦੀ ਖਬਰ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਟ੍ਰੈਫਿਕ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਨੇ ਨਵਾਂ ਬੁੱਤ ਸਥਾਪਿਤ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ। ਬਾਅਦ ਵਿਚ ਉਥੇ ਅੰਬੇਡਕਰ ਦਾ ਨਵਾਂ ਬੁੱਤ ਸਥਾਪਿਤ ਕਰ ਦਿੱਤਾ ਗਿਆ।
ਅਮਿਤ ਸ਼ਾਹ ਨੇ ਵੀ ਦੱਸਿਆ ਮੰਦਭਾਗਾ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੁੱਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਘਟਨਾਵਾਂ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਕਿਹਾ ਕਿ ਭਾਜਪਾ ਖੁੱਲ੍ਹੇਪਨ ਅਤੇ ਉਸਾਰੂ ਸਿਆਸਤ ਪ੍ਰਤੀ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਤ੍ਰਿਪੁਰਾ ਅਤੇ ਤਾਮਿਲਨਾਡੂ 'ਚ ਪਾਰਟੀ ਇਕਾਈਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ।
ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਗਾਈਡਲਾਈਨ : ਗ੍ਰਹਿ ਮੰਤਰਾਲਾ ਨੇ ਕਿਹਾ ਕਿ ਉਸ ਨੇ ਸੂਬਾਈ ਸਰਕਾਰਾਂ ਨੂੰ ਗਾਈਡਲਾਈਨ ਜਾਰੀ ਕਰ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਸਭ ਵਿਅਕਤੀਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਏ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਵਿਰੁੱਧ ਮਾਮਲੇ ਦਰਜ ਕੀਤੇ ਜਾਣ।


Related News