ਪਿਟਬੁੱਲ ਨੇ ਵਿਅਕਤੀ ਦੇ ਪ੍ਰਾਈਵੇਟ ਪਾਰਟ ''ਤੇ ਕੀਤਾ ਹਮਲਾ
Friday, Apr 14, 2023 - 04:40 PM (IST)
ਕਰਨਾਲ (ਏਜੰਸੀ)- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 30 ਸਾਲਾ ਵਿਅਕਤੀ 'ਤੇ ਪਿਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਵਿਅਕਤੀ ਨੇ ਕੁੱਤੇ ਦੇ ਮੂੰਹ 'ਚ ਕੱਪੜਾ ਪਾ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਵੀਰਵਾਰ ਸਵੇਰੇ ਉਹ ਆਪਣੇ ਖੇਤਾਂ 'ਚ ਸੀ, ਉਦੋਂ ਕੁੱਤੇ ਨੇ ਪੀੜਤ ਦੇ ਪ੍ਰਾਈਵੇਟ ਪਾਰਟ ਨੂੰ ਵੱਢ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਸਥਾਨਕ ਲੋਕਾਂ ਨੇ ਘਰੌਂਡਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਬਾਅਦ 'ਚ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਕਰਨਾਲ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੀੜਤ ਨੂੰ ਬਚਾਉਣ ਵਾਲੇ ਪਿੰਡ ਵਾਸੀਆਂ ਨੇ ਗੁੱਸੇ 'ਚ ਕੁੱਤੇ ਨੂੰ ਲਾਠੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤਾਂ ਕਿ ਉਹ ਅੱਗੇ ਕੋਈ ਹਮਲਾ ਨਾ ਹੋ ਸਕੇ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਜ਼ਖ਼ਮੀ ਨੌਜਵਾਨ ਅਤੇ ਉਸ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ।
ਇਕ ਪੁਲਸ ਅਧਿਕਾਰੀ ਨੇ ਕਿਹਾ,''ਪੀੜਤ ਆਪਣੇ ਖੇਤਾਂ 'ਚ ਸੀ, ਜਦੋਂ ਕਿ ਪਿਟਬੁੱਲ ਕੁੱਤਾ ਖੇਤੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਮਸ਼ੀਨ ਦੇ ਹੇਠਾਂ ਬੈਠਾ ਸੀ। ਜਿਵੇਂ ਹੀ ਕਰਨ ਮਸ਼ੀਨ ਦਾ ਇਸਤੇਮਾਲ ਕਰਨ ਲਈ ਉਸ ਕੋਲ ਪਹੁੰਚਿਆ, ਕੁੱਤੇ ਨੇ ਕਰਨ ਦੇ ਗੁਪਤ ਅੰਗ 'ਤੇ ਹਮਲਾ ਕਰ ਦਿੱਤਾ।'' ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਕਿਸੇ ਤਰ੍ਹਾਂ ਜ਼ਮੀਨ 'ਤੇ ਪਏ ਕੱਪੜੇ ਦੇ ਟੁਕੜੇ ਨਾਲ ਪਿਟਬੁੱਲ ਦੇ ਮੂੰਹ ਨੂੰ ਬੰਦ ਕਰ ਕੇ ਆਪਣੀ ਜਾਨ ਬਚਾਈ ਪਰ ਉਦੋਂ ਤੱਕ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕਿਆ ਸੀ। ਕਰਨ ਦੀ ਚੀਕ ਸੁਣ ਕੇ ਨੇੜੇ-ਤੇੜੇ ਦੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਹ ਜ਼ਮੀਨ 'ਤੇ ਪਿਆ ਸੀ ਅਤੇ ਉਸ ਦੇ ਗੁਪਤ ਅੰਗ 'ਚੋਂ ਖੂਨ ਨਿਕਲ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ,''ਸ਼ਿਕਾਇਤ ਦੇ ਆਧਾਰ 'ਤੇ ਅਸੀਂ ਕੁੱਤੇ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਖ਼ਿਲਾਫ਼ ਉੱਚਿਤ ਕਾਰਵਾਈ ਯਕੀਨੀ ਕਰਨਗੇ।''