ਵਿਰੋਧ ਖਤਮ ਹੋਣ ਤੋਂ ਬਾਅਦ ਦਿੱਲੀ ਤੋਂ ਜੈਪੁਰ ਪੁੱਜੇ ਪਾਇਲਟ, ਕਿਹਾ- ਸੁਲਝ ਜਾਣਗੀਆਂ ਸਮੱਸਿਆਵਾਂ
Tuesday, Aug 11, 2020 - 08:28 PM (IST)
ਜੈਪੁਰ - ਰਾਜਸਥਾਨ 'ਚ ਮਚੀ ਸਿਆਸੀ ਲੜਾਈ ਖਤਮ ਹੋ ਗਈ ਹੈ। ਸਚਿਨ ਪਾਇਲਟ ਦੀ ਘਰ ਵਾਪਸੀ ਹੋ ਗਈ ਹੈ। ਲੰਬੀ ਖਿਚੋਂਤਾਣ ਤੋਂ ਬਾਅਦ ਸੋਮਵਾਰ ਸ਼ਾਮ ਸਚਿਨ ਪਾਇਲਟ ਦਿੱਲੀ ਤੋਂ ਜੈਪੁਰ ਪਹੁੰਚ ਗਏ। ਪਾਇਲਟ ਨੇ ਕਿਹਾ ਕਿ ਅਸੀਂ ਸਿਧਾਂਤਕ ਮੁੱਦੇ ਚੁੱਕੇ ਸਨ। ਸਮੇਂ ਸਿਰ ਸਮੱਸਿਆਵਾਂ ਹੱਲ ਹੋਣਗੀਆਂ।
ਪਾਇਲਟ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨਾਲ ਅਸੀਂ ਕੋਈ ਵਿਅਕਤੀਗਤ ਮੁੱਦੇ ਨਹੀਂ ਚੁੱਕੇ। ਜੋ ਪਾਰਟੀ ਦੇ ਨੋਟਿਸ 'ਚ ਲਿਆਉਣ ਸੀ, ਉਹ ਗੱਲਾਂ ਬਿਨਾਂ ਰੁਕਾਵਟ ਰੱਖੀਆਂ ਗਈਆਂ। ਉਸ ਦੇ ਹੱਲ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੈਂ ਪਾਰਟੀ ਤੋਂ ਕੋਈ ਮੰਗ ਨਹੀਂ ਰੱਖੀ ਹੈ, ਮੈਂ ਇੱਕ ਕਰਮਚਾਰੀ, ਇੱਕ MLA ਬਣ ਕੇ ਕੰਮ ਕਰਦਾ ਰਹਾਂਗਾ। ਮੈਂ ਇਸ ਮਿੱਟੀ ਲਈ ਸਮਰਪਤ ਹਾਂ। ਰਾਜਸਥਾਨ ਦੇ ਲੋਕਾਂ ਦਾ ਮੇਰੇ 'ਤੇ ਅਹਿਸਾਨ ਹੈ, ਮੈਂ ਕੰਮ ਕਰਦਾ ਰਹਾਂਗਾ।
ਗਹਿਲੋਤ ਦੇ ਬਿਆਨ 'ਤੇ ਪਾਇਲਟ ਨੇ ਕਿਹਾ ਕਿ ਜੋ ਕਿਹਾ ਗਿਆ ਉਸ ਗੱਲ ਦਾ ਮੈਨੂੰ ਦੁੱਖ ਹੈ। ਮੈਂ ਉਸ ਸਮੇਂ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਸੀ, ਅੱਜ ਵੀ ਨਹੀਂ ਦਿਆਂਗਾ। ਜਿਸ ਨੇ ਜੋ ਕਿਹਾ ਭੁੱਲ ਜਾਣਾ ਚਾਹੀਦਾ ਹੈ। ਦੁੱਖ ਜ਼ਰੂਰ ਹੁੰਦਾ ਹੈ ਪਰ ਰਾਜਨੀਤੀ 'ਚ ਗੱਲਬਾਤ ਦਾ ਇੱਕ ਲੈਵਲ ਬਣਾਏ ਰੱਖਣਾ ਚਾਹੀਦਾ ਹੈ।
ਦੱਸ ਦਈਏ ਕਿ ਪਾਇਲਟ ਨੇ ਸੋਮਵਾਰ ਨੂੰ ਦਿੱਲੀ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਪਾਇਲਟ ਨੇ ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਚਿਨ ਪਾਇਲਟ ਦੀ ਸ਼ਿਕਾਇਤ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਸੀ।