ਸ਼ਿਮੋਗਾ ਧਮਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ, ਗੱਡੀ ਦੇ ਉੱਡੇ ਪਰਖੱਚੇ, ਦਰੱਖ਼ਤ ਵੀ ਹੋਏ ਤਬਾਹ

Friday, Jan 22, 2021 - 07:11 PM (IST)

ਸ਼ਿਮੋਗਾ - ਕਰਨਾਟਕ ਦੇ ਸ਼ਿਮੋਗਾ ਵਿੱਚ ਵੀਰਵਾਰ ਰਾਤ ਹੋਏ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੇ ਇਲਾਕੇ ਵਿੱਚ ਸਥਿਤ ਘਰ ਡਿੱਗ ਗਏ। ਸਾਹਮਣੇ ਆਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਦਰੱਖ਼ਤ ਵੀ ਤਬਾਹ ਹੋ ਗਏ।

ਪੁਲਸ ਦਾ ਕਹਿਣਾ ਹੈ ਕਿ ਇਹ ਧਮਾਕਾ ਡਾਇਨਾਮਾਈਟ ਕਾਰਨ ਹੋਇਆ ਹੈ, ਹਾਲਾਂਕਿ ਹੁਣ ਵੀ ਇਸ ਨੂੰ ਲੈ ਕੇ ਡੂੰਘੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਧਮਾਕੇ ਦੀ ਜਾਂਚ ਲਈ ਫਾਰੈਸਿੰਕ ਟੀਮ ਵੀ ਮੌਕੇ 'ਤੇ ਪਹੁੰਚੀ ਸੀ।

ਕਰਨਾਟਕ ਦੇ ਗ੍ਰਹਿ ਮੰਤਰੀ ਮੁਤਾਬਕ ਇਸ ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੇ ਮੌਤ ਦੀ ਪੁਸ਼ਟੀ ਹੋਈ ਹੈ। ਫਿਲਹਾਲ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਧਮਾਕੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਜਿਸ ਜਗ੍ਹਾ ਇਹ ਧਮਾਕਾ ਹੋਇਆ ਹੈ ਉਹ ਸ਼ਿਮੋਗਾ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ। ਵੀਰਵਾਰ ਰਾਤ ਕਰੀਬ 10:30 ਵਜੇ ਦੇ ਕਰੀਬ ਤੇਜ਼ ਆਵਾਜ ਸੁਣਾਈ ਦਿੱਤੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਸਥਾਨਕ ਲੋਕਾਂ ਨੇ ਇਸ ਧਮਾਕੇ ਦਾ ਜ਼ਿਕਰ ਕੀਤਾ।

ਇੱਕ ਸਮਾਚਾਰ ਏਜੰਸੀ ਨੇ ਪੁਲਸਕਰਮੀ ਦੇ ਹਵਾਲੇ ਤੋਂ ਦੱਸਿਆ ਕਿ ਇਹ ਧਮਾਕਾ ਇੱਕ ਟਰੱਕ ਵਿੱਚ ਹੋਇਆ ਸੀ, ਜਿਸ ਵਿੱਚ ਜਿਲੇਟਿਨ ਮੌਜੂਦ ਸੀ। ਇਸ ਟਰੱਕ ਵਿੱਚ ਮੌਜੂਦ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਧਮਾਕੇ ਦਾ ਅਸਰ ਨੇੜਲੇ ਘਰਾਂ ਤੱਕ ਹੋਇਆ ਹੈ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਸ ਮਾਮਲੇ ਦੀ ਹਾਈ ਲੈਵਲ ਜਾਂਚ ਦੇ ਹੁਕਮ ਦਿੱਤੇ ਹਨ, ਨਾਲ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਹੈ।


Inder Prajapati

Content Editor

Related News