ਤਾਜ ਮਹੱਲ ਦੇ ਟੁੱਟੇ ਪੱਥਰਾਂ ਦੀਆਂ ਤਸਵੀਰਾਂ ਆਪਣੇ ਕੈਮਰਿਆਂ ''ਚ ਕੈਦ ਕਰ ਰਹੇ ਹਨ ਸੈਲਾਨੀ

07/20/2017 8:29:00 AM

ਆਗਰਾ — ਦੁਨੀਆ ਦੇ 7 ਅਜੂਬਿਆਂ ਵਿਚ ਸ਼ਾਮਲ ਅਤੇ ਵਿਸ਼ਵ ਇਤਿਹਾਸਕ ਯਾਦਗਾਰ ਤਾਜ ਮਹੱਲ ਦੇ ਪੱਥਰ ਤਿੜਕ ਰਹੇ ਹਨ। ਮੁੱਖ ਗੁੰਬਦ ਦਾ ਹਾਲ ਸਭ ਤੋਂ ਬੁਰਾ ਹੈ। ਲੰਮੇ ਸਮੇਂ ਤੋਂ ਰੱਖ-ਰਖਾਅ ਸੰਬੰਧੀ ਕੰਮ ਨਾ ਹੋਣ ਕਰਕੇ ਇਥੋਂ ਦੀਆਂ ਛੱਤਾਂ ਦੀ ਰੌਣਕ ਵੀ ਖਤਮ ਹੁੰਦੀ ਜਾ ਰਹੀ ਹੈ।
ਪੱਥਰਾਂ ਦੇ ਡਿਗਣ ਕਾਰਨ ਤਾਜ ਦੇਖਣ ਲਈ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਤਾਜ ਮਹੱਲ ਵਿਚ ਸੈਲਾਨੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਭਾਵੇਂ ਪੁਰਾਤੱਤਵ ਵਿਭਾਗ ਨੇ ਨਵੀਂ ਵਿਵਸਥਾ ਕਰ ਦਿੱਤੀ ਹੋਵੇ ਪਰ ਤਿਆਰੀ ਅੱਧੀ-ਅਧੂਰੀ ਹੋਣ ਕਾਰਨ ਤਾਜ ਮਹੱਲ ਦੇਖਣ ਆਉਣ ਵਾਲੇ ਸੈਲਾਨੀਆਂ 'ਤੇ ਖਤਰਾ ਮੰਡਰਾਉਣ ਲੱਗਾ ਹੈ।
ਮੁੱਖ ਗੁੰਬਦ ਵਿਚ ਦਾਖਲ ਹੋਣ ਵਾਲੇ ਹਿੱਸੇ ਵਿਚ ਕਈ ਥਾਈਂ ਪੱਥਰ ਟੁੱਟ ਗਏ ਹਨ ਅਤੇ ਕੁਝ ਡਿਗਣ ਕੰਢੇ ਹਨ। ਇਥੋਂ ਦੀਆਂ ਦੀਵਾਰਾਂ 'ਤੇ ਕੀਤੀ ਗਈ ਮੁਗਲੀਆ ਮੀਨਾਕਾਰੀ ਵੀ ਟੁੱਟ ਗਈ ਹੈ। ਇਨ੍ਹਾਂ ਨੂੰ ਨਵੇਂ ਸਿਰੇ ਤੋਂ ਠੀਕ ਕਰਨ ਲਈ ਵਿਭਾਗ ਵਲੋਂ ਰੱਖ-ਰਖਾਅ ਸੰਬੰਧੀ ਕੰਮ ਨਹੀਂ ਕਰਵਾਇਆ ਗਿਆ। ਬਾਹਰ ਤੋਂ ਦੇਖਣ ਵਿਚ ਭਾਵੇਂ ਗੁੰਬਦ ਆਕਰਸ਼ਕ ਲੱਗਦਾ ਹੋਵੇ ਪਰ ਅੰਦਰ ਹਾਲਤ ਕਾਫੀ ਖਰਾਬ ਹੈ। ਇਨ੍ਹਾਂ ਟੁੱਟੇ ਪੱਥਰਾਂ ਕਾਰਨ ਦੁਨੀਆ ਭਰ 'ਚ ਬਦਨਾਮੀ ਹੋ ਰਹੀ ਹੈ। ਸੈਲਾਨੀ ਇਨ੍ਹਾਂ ਟੁੱਟੇ ਪੱਥਰਾਂ ਦੀਆਂ ਤਸਵੀਰਾਂ ਆਪਣੇ ਕੈਮਰਿਆਂ 'ਚ ਕੈਦ ਕਰ ਕੇ ਮਾੜੀ ਵਿਵਸਥਾ ਦਾ ਖੁਲਾਸਾ ਕਰ ਰਹੇ ਹਨ।


Related News