ਫੋਰਟਿਸ ਤੋਂ 10 ਕਰੋੜ ਰੁਪਏ ਮੁਆਵਜ਼ਾ ਦਿਵਾਉਣ ਲਈ ਸੁਪਰੀਮ ਕੋਰਟ ''ਚ ਪਟੀਸ਼ਨ
Monday, Mar 26, 2018 - 09:51 AM (IST)

ਨਵੀਂ ਦਿੱਲੀ— ਫੋਰਟਿਸ ਹਸਪਤਾਲ 'ਚ ਡੇਂਗੂ ਨਾਲ 7 ਸਾਲ ਦੀ ਬੱਚੀ ਆਦਿਆ ਦੀ ਮੌਤ ਦੇ ਮਾਮਲੇ 'ਚ ਬੱਚੀ ਦੇ ਪਿਤਾ ਨੇ ਹਸਪਤਾਲ ਤੋਂ 10 ਕਰੋੜ ਰੁਪਏ ਮੁਆਵਜ਼ਾ ਦਿਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਕੋਰਟ ਨੇ ਇਸ 'ਤੇ ਕੇਂਦਰ ਅਤੇ ਹਰਿਆਣਾ ਸਰਕਾਰ, ਮੈਡੀਕਲ ਕਾਊਂਸਿਲ ਆਫ ਇੰਡੀਆ, ਗੁਰੂਗ੍ਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਹਸਪਤਾਲ ਦੇ ਡਾਕਟਰਾਂ ਅਤੇ ਹੋਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।
ਪਟੀਸ਼ਨਕਰਤਾ ਜਯੰਤ ਸਿੰਘ ਨੇ ਹਸਪਤਾਲ 'ਤੇ ਆਪਣੀ ਬੇਟੀ ਦੇ ਇਲਾਜ 'ਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ,''ਹਸਪਤਾਲ ਦੇ ਗਲਤ ਇਲਾਜ ਕਾਰਨ ਮੇਰੀ ਬੇਟੀ ਦਾ ਇਲਾਜ ਲੰਬਾ ਖਿੱਚਿਆ। ਮੇਰੀ ਬੇਟੀ ਦੀ ਜਾਨ ਦੀ ਕੀਮਤ 'ਤੇ ਹਸਪਤਾਲ ਨੇ ਜ਼ਬਰਦਸਤ ਮੁਨਾਫਾ ਕਮਾਇਆ।'' ਦੋਸ਼ ਲਗਾਇਆ ਕਿ ਡਾਕਟਰਾਂ ਨੇ ਉਸ ਦੀ ਬੇਟੀ ਨੂੰ ਵੈਂਟੀਲੇਟਰ ਤੋਂ ਉਦੋਂ ਹਟਾਇਆ, ਜਦੋਂ ਉਸ ਦਾ ਬਚਣਾ ਆਰਥਿਕ ਰੂਪ ਨਾਲ ਵਿਹਾਰਕ ਨਹੀਂ ਸੀ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਇਕ ਵੱਖ ਸੰਸਥਾ ਬਣਾਉਣ ਅਤੇ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਦੀ ਵੀ ਮੰਗ ਕੀਤੀ ਹੈ।