ਮਨਾ ਕਰਨ ਦੇ ਬਾਵਜੂਦ ਸ਼ਖ਼ਸ ਕਰ ਰਿਹਾ ਸੀ ਡੁੱਬੇ ਪੁਲ ਨੂੰ ਪਾਰ, ਕਾਰ ਸਮੇਤ ਰੁੜ੍ਹਿਆ
Saturday, Aug 03, 2024 - 12:28 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਵਿਚ ਪੁਲ ਨੂੰ ਪਾਰ ਕਰਦੇ ਸਮੇਂ ਕਾਰ ਪਾਣੀ 'ਚ ਰੁੜ੍ਹ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਆਸਨਸੋਲ ਦੇ ਕਲਿਆਣਪੁਰ ਹਾਊਸਿੰਗ ਇਲਾਕੇ 'ਚ ਵਿਅਕਤੀ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰ ਰਿਹਾ ਸੀ ਤਾਂ ਉਸ ਦੀ ਕਾਰ ਰੁੜ੍ਹ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਡਰਾਈਵਰ ਨੂੰ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨੇ ਸ਼ਨੀਵਾਰ ਨੂੰ ਘਟਨਾ ਸਥਾਨ ਤੋਂ ਲਾਸ਼ ਬਰਾਮਦ ਕੀਤੀ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਉਨ੍ਹਾਂ ਮੁਤਾਬਕ ਮੋਹਲੇਧਾਰ ਮੀਂਹ ਕਾਰਨ ਪੱਛਮੀ ਬਰਧਮਾਨ ਅਤੇ ਪੂਰਬੀ ਬਰਧਮਾਨ ਜ਼ਿਲ੍ਹਿਆਂ ਅਤੇ ਕੋਲਕਾਤਾ ਵਿਚ ਪਾਣੀ ਭਰ ਗਿਆ ਹੈ। ਪੱਛਮੀ ਬਰਧਮਾਨ ਜ਼ਿਲੇ ਦੇ ਅੰਡਾਲ ਸਥਿਤ ਕਾਜ਼ੀ ਨਜ਼ਰੁਲ ਇਸਲਾਮ (KNI) ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁੱਕਰਵਾਰ ਨੂੰ ਇਮਾਰਤ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਭਰ ਜਾਣ ਕਾਰਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਦੁਪਹਿਰ ਨੂੰ KNI ਹਵਾਈ ਅੱਡੇ 'ਤੇ ਉਡਾਣ ਸੰਚਾਲਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਰਨਵੇਅ ਅਤੇ ਹੋਰ ਖੇਤਰਾਂ ਵਿਚ ਪਾਣੀ ਦਾ ਪੱਧਰ ਘਟ ਰਿਹਾ ਹੈ ਅਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।