ਗੁਜਰਾਤ ’ਚ ਪਾਕਿ ਸਰਹੱਦ ’ਤੇ ਭਾਰਤ ਬਣਾ ਰਿਹੈ ਪੱਕੇ ਬੰਕਰ, ਗ੍ਰਹਿ ਮੰਤਰਾਲਾ ਨੇ 50 ਕਰੋੜ ਰੁਪਏ ਕੀਤੇ ਮਨਜ਼ੂਰ

Tuesday, Jan 03, 2023 - 10:01 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਪਹਿਲੀ ਵਾਰ ਗੁਜਰਾਤ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਸਰਕ੍ਰੀਕ ਅਤੇ ‘ਹਰਾਮੀ ਨਾਲਾ’ ਖੇਤਰ ’ਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਲਈ ਪੱਕੇ ਬੰਕਰਾਂ ਦਾ ਨਿਰਮਾਣ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਖੇਤਰ ’ਚ ਪਾਕਿਸਤਾਨੀ ਮਛੇਰਿਆਂ ਅਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੀ ਘੁਸਪੈਠ ਦੇ ਮੱਦੇਨਜ਼ਰ 8 ਬਹੁ-ਮੰਜ਼ਿਲਾ ਬੰਕਰ-ਕਮ-ਨਿਗਾਰਨ ਚੌਕੀਆਂ ਦੇ ਨਿਰਮਾਣ ਲਈ 50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, ਸੀਮਾ ਸੁਰੱਖਿਆ ਬਲ ਨੇ 2022 ’ਚ ਗੁਜਰਾਤ ਦੇ ਇਸ ਖੇਤਰ ਤੋਂ 22 ਪਾਕਿਸਤਾਨੀ ਮਛੇਰਿਆਂ ਨੂੰ ਫੜਿਆ ਅਤੇ 79 ਮੱਛੀ ਫੜਨ ’ਚ ਕੰਮ ਆਉਣ ਵਾਲੀਆਂ ਕਿਸ਼ਤੀਆਂ ਦੇ ਨਾਲ ਹੀ 250 ਕਰੋੜ ਰੁਪਏ ਦੀ ਹੈਰੋਇਨ ਅਤੇ 2.49 ਕਰੋੜ ਰੁਪਏ ਦੀ ਚਰਸ ਜ਼ਬਤ ਕੀਤੀ।

ਇਹ ਵੀ ਪੜ੍ਹੋ : ਨੋਟਬੰਦੀ ਸਹੀ ਸੀ ਜਾਂ ਗਲਤ? ਸੁਪਰੀਮ ਕੋਰਟ ਨੇ ਸੁਣਾਇਆ ਇਹ ਫ਼ੈਸਲਾ

ਸੂਤਰਾਂ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 4050 ਵਰਗ ਕਿਲੋਮੀਟਰ ਦੀ ਦੂਰੀ ਹੈ। ਦਲਦਲੀ ਸਰਕ੍ਰੀਕ ਖੇਤਰ ’ਚ 3 ਟਾਵਰ ਬਣਾਏ ਜਾ ਰਹੇ ਹਨ, ਜਦਕਿ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ. ਪੀ. ਡਬਲਿਊ. ਡੀ.) 900 ਵਰਗ ਕਿ. ਮੀ. ’ਚ ਫੈਲੇ ‘ਹਰਾਮੀ ਨਾਲਾ’ ਖੇਤਰ ’ਚ 5 ਅਜਿਹੇ ਢਾਂਚਿਆਂ ਦਾ ਨਿਰਮਾਣ ਕਰੇਗਾ। ਉਨ੍ਹਾਂ ਕਿਹਾ ਕਿ 42 ਫੁੱਟ ਉੱਚੇ ਖੜ੍ਹਵੇਂ ਬੰਕਰਾਂ ’ਚੋਂ ਹਰੇਕ ਦੀ ਉਪਰਲੀ ਮੰਜ਼ਿਲ ’ਚ ਨਿਗਰਾਨੀ ਉਪਕਰਣ ਅਤੇ ਰਾਡਾਰ ਲਈ ਜਗ੍ਹਾ ਹੋਵੇਗੀ, ਤਾਂ ਕਿ ਖੇਤਰ ’ਤੇ ਨਜ਼ਰ ਰੱਖੀ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ 2 ਮੰਜ਼ਿਲਾਂ ’ਚ ਸਾਜ਼ੋ-ਸਾਮਾਨ ਰੱਖਣ ਲਈ ਸਮਰੱਥਾ ਦੇ ਨਾਲ 15 ਹਥਿਆਰਬੰਦ ਬੀ. ਐੱਸ. ਐੱਫ. ਜਵਾਨਾਂ ਲਈ ਜਗ੍ਹਾ ਹੋਵੇਗੀ। ਅਧਿਕਾਰੀਆਂ ਮੁਤਾਬਕ ਇਹ ਬੰਕਰ ਸਰਕ੍ਰੀਕ ਖੇਤਰ ਦੇ ਪੂਰਬੀ ਹਿੱਸੇ ’ਚ ਭਾਰਤੀ ਖੇਤਰ ’ਚ ਬਣਾਏ ਜਾ ਰਹੇ ਹਨ। ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕ੍ਰੀਕ ਖੇਤਰ ’ਚ 3 ਬੰਕਰਾਂ ਦਾ ਨਿਰਮਾਣ ਮਾਰਚ ਤੱਕ ਪੂਰਾ ਕਰਨ ਲਈ ਕੰਮ ਕਰ ਰਹੇ ਕਾਮਿਆਂ ਨੂੰ ਬੀ. ਐੱਸ. ਐੱਫ. ਦੀ ਇਕ ਟੁੱਕੜੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News