ਕਈਆਂ ਨੂੰ ਅਜੇ ਤਕ ਨਹੀਂ ਭੁੱਲੀ ਹੋਵੇਗੀ 'ਨੋਟਬੰਦੀ', ਦੇਖੋ ਲੇਖਾ-ਜੋਖਾ
Thursday, Nov 08, 2018 - 03:36 PM (IST)
ਜਲੰਧਰ/ਨਵੀਂ ਦਿੱਲੀ— ਤੁਹਾਨੂੰ ਇਹ ਨੋਟ ਯਾਦ ਹਨ ਜਾਂ ਭੁੱਲ ਗਏ ਹੋ। ਜੇਕਰ ਇਨ੍ਹਾਂ ਨੋਟਾਂ ਨੂੰ ਤੁਸੀਂ ਭੁੱਲ ਗਏ ਹੋ ਤਾਂ ਵੀ ਇਹ ਨਜ਼ਾਰਾ ਤਾਂ ਤੁਹਾਨੂੰ ਯਕੀਨਨ ਯਾਦ ਹੋਵੇਗਾ। ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਕਤਾਰਾਂ, ਜਦੋਂ ਆਪਣੇ ਹੀ ਪੈਸੇ ਲੈਣ ਲਈ ਇਕ-ਇਕ ਦੇਸ਼ਵਾਸੀ ਨੂੰ ਜੱਦੋ-ਜਹਿਦ ਕਰਨੀ ਪਈ ਸੀ। ਇਹ ਨਜ਼ਾਰਾ ਤਾਂ ਸ਼ਾਇਦ ਕੋਈ ਵੀ ਭਾਰਤਵਾਸੀ ਨਹੀਂ ਭੁੱਲ ਸਕਦਾ ਪਰ ਅੱਜ ਜਦੋਂ ਨੋਟਬੰਦੀ ਨੂੰ ਦੋ ਸਾਲ ਹੋ ਚੁੱਕੇ ਹਨ ਤਾਂ ਸਾਡਾ ਫਰਜ਼ ਹੈ ਕਿ ਇਕ ਵਾਰ ਉਨ੍ਹਾਂ ਯਾਦਾਂ ਨੂੰ ਫਿਰ ਤਾਜ਼ਾ ਕਰਵਾ ਦੇਈਏ।

8 ਨਵੰਬਰ, 2016 ਨੂੰ ਰਾਤ ਕਰੀਬ 8 ਵਜੇ ਕੀਤਾ ਗਿਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹੀ ਐਲਾਨ ਹੈ, ਜਿਸ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਬੈਂਕਾਂ ਦੀਆਂ ਕਤਾਰਾਂ 'ਚ ਲਿਆ ਕੇ ਖੜ੍ਹਾ ਕਰ ਦਿੱਤਾ। ਦੋ ਸਾਲ ਪਹਿਲਾਂ ਇਸੇ ਦਿਨ ਇਸ ਐਲਾਨ ਨਾਲ ਭਾਰਤ 'ਚ ਬਹੁਤ ਕੁਝ ਬਦਲ ਗਿਆ ਸੀ ਤੇ ਬਹੁਤ ਕੁਝ ਬਦਲਣ ਦੇ ਦਾਅਵੇ ਕੀਤੇ ਗਏ ਸਨ। ਦਾਅਵੇ ਕਾਲੇ ਧਨ ਨੂੰ ਖਤਮ ਕਰਨ ਦੇ ਤੇ ਉਸ ਵਾਪਸ ਆਏ ਕਾਲੇ ਧਨ ਨਾਲ ਦੇਸ਼ ਦਾ ਵਿਕਾਸ ਕਰਨ ਦੇ ਪਰ ਦੋ ਸਾਲਾਂ ਬਾਅਦ ਜੋ ਤਸਵੀਰ ਹੈ, ਉਹ ਸਭ ਦੇ ਸਾਹਮਣੇ ਹੈ। ਨੋਟਬੰਦੀ ਕਿੰਨੀ ਕੁ ਸਫਲ ਰਹੀ ਉਸ ਬਾਰੇ ਵੀ ਚਰਚਾ ਕਰਾਂਗੇ ਪਰ ਪਹਿਲਾਂ ਦੇਖੋ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੌਰਾਨ ਕੀ ਦਾਅਵੇ ਕੀਤੇ ਸਨ।

ਕੀ ਕੀਤੇ ਸਨ ਦਾਅਵੇ

ਪਹਿਲਾ ਦਾਅਵਾ: ਜਾਅਲੀ ਨੋਟਾਂ ਦੀ ਕਰੰਸੀ ਰੁਕੇਗੀ
ਦੂਜਾ ਦਾਅਵਾ: ਅੱਤਵਾਦ ਦੀ ਕਮਰ ਟੁੱਟੇਗੀ
ਤੀਜਾ ਦਾਅਵਾ: ਭ੍ਰਿਸ਼ਟਾਚਾਰ ਘੱਟ ਹੋਵੇਗਾ
ਚੌਥਾ ਤੇ ਸਭ ਤੋਂ ਮਹੱਤਵਪੂਰਨ ਦਾਅਵਾ (ਚੌਥਾ ਦਾਅਵਾ) ਕਾਲੇ ਧੰਨ ਦੇ ਲਗਾਮ ਲੱਗੇਗੀ
ਕੀ ਹੋਇਆ ਨੋਟਬੰਦੀ ਦਾ ਅੰਜਾਮ
ਨੋਟਬੰਦੀ ਦੌਰਾਨ ਲੋਕਾਂ ਨਾਲ ਕੀਤੇ ਗਏ ਸਰਕਾਰ ਦੇ ਦਾਅਵੇ ਤਾਂ ਬੇਹੱਦ ਲੁਭਾਵਣੇ ਸਨ। ਸ਼ਾਇਦ ਇਹੀ ਕਾਰਨ ਸੀ ਕਿ ਇੰਨੀਂ ਤਕਲੀਫ ਦੇ ਬਾਵਜੂਦ ਲੋਕ ਸਰਕਾਰ ਦੇ ਇਸ ਫੈਸਲੇ ਦੇ ਨਾਲ ਖੜ੍ਹ ਗਏ। ਕਿਸੇ ਦੇ ਘਰ 'ਚ ਵਿਆਹ ਦੀਆਂ ਰੌਣਕਾਂ ਫਿੱਕੀਆਂ ਪੈ ਗਈਆਂ ਤੇ ਕਿਸੇ ਲਈ ਬੈਂਕ ਦੀ ਲਾਈਨ ਹੀ ਜ਼ਿੰਦਗੀ ਦਾ ਆਖਰੀ ਪੜਾਅ ਸਾਬਤ ਹੋਈ। ਨੋਟਬੰਦੀ ਦੌਰਾਨ ਦੌਰਾਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਜਨਵਰੀ 2017 ਤੋਂ ਅਪ੍ਰੈਲ 2017 ਤੱਕ 15 ਲੱਖ ਲੋਕਾਂ ਨੂੰ ਰੁਜ਼ਗਾਰ ਗਵਾਉਣਾ ਪਿਆ। ਜਿਨ੍ਹਾਂ ਗਰੀਬਾਂ ਦੇ ਬੈਂਕਾਂ 'ਚ ਖਾਤੇ ਨਹੀਂ ਸਨ। ਉਹ ਰੁਲ ਗਏ। ਉਦਯੋਗਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਨੋਟਬੰਦੀ ਨੂੰ ਕਿਸੇ ਵੀ ਲਿਹਾਜ਼ ਨਾਲ ਸਫਲ ਨਹੀਂ ਕਿਹਾ ਜਾ ਸਕਦਾ ਤੇ ਹੁਣ ਆਰ.ਬੀ.ਆਈ. ਵੱਲੋਂ ਨੋਟਬੰਦੀ 'ਤੇ ਜਾਰੀ ਰਿਪੋਰਟ ਨੇ ਵੀ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ।
