ਪੈਂਡਿੰਗ ਮਾਮਲੇ ਸਭ ਤੋਂ ਵੱਡੀ ਚੁਣੌਤੀ : ਚੀਫ ਜਸਟਿਸ ਰਮੰਨਾ
Saturday, Aug 27, 2022 - 12:02 PM (IST)

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਮ. ਵੀ. ਰਮੰਨਾ ਜੋ ਸ਼ੁੱਕਰਵਾਰ ਸੇਵਾਮੁਕਤ ਹੋ ਗਏ, ਨੇ ਪੈਂਡਿੰਗ ਮਾਮਲਿਆਂ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ’ਚ ਸੁਣਵਾਈ ਲਈ ਮਾਮਲਿਆਂ ਨੂੰ ਸੂਚੀਬੱਧ ਕਰਨ ਦੇ ਮੁੱਦੇ ’ਤੇ ਵੱਧ ਤੋਂ ਵੱਧ ਧਿਆਨ ਨਾ ਦੇ ਸਕਣ ਲਈ ਅਫਸੋਸ ਪ੍ਰਗਟਾਇਆ।
ਉਨ੍ਹਾਂ ਕਿਹਾ ਕਿ ਪੈਂਡਿੰਗ ਮੁੱਦਿਆਂ ਦੇ ਵਧਦੇ ਭਾਰ ਦਾ ਹੱਲ ਲੱਭਣ ਲਈ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕੀਤੇ ਜਾਣ ਦੀ ਲੋੜ ਹੈ। ਅਸੀਂ ਕੁਝ ਮਾਡਿਊਲ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਦੇ ਮੁੱਦਿਆਂ ਕਾਰਨ ਵਧੇਰੇ ਪ੍ਰਗਤੀ ਨਹੀਂ ਕਰ ਸਕੇ। ਕੋਵਿਡ-19 ਦੌਰਾਨ ਅਦਾਲਤਾਂ ਦਾ ਕੰਮਕਾਜ ਜਾਰੀ ਰੱਖਣਾ ਪਹਿਲ ਸੀ। ਵਪਾਰਕ ਅਦਾਰਿਆਂ ਵਾਂਗ ਅਸੀਂ ਬਾਜ਼ਾਰ ਤੋਂ ਸਿੱਧੇ ਤਕਨੀਕੀ ਉਪਕਰਨ ਨਹੀਂ ਖਰੀਦ ਸਕਦੇ।
ਰਮੰਨਾ ਨੇ ਕਿਹਾ ਕਿ ਸਾਨੂੰ ਇਹ ਗੱਲ ਪ੍ਰਵਾਨ ਕਰਨੀ ਹੋਵੇਗੀ ਕਿ ਪੈਂਡਿੰਗ ਮਾਮਲੇ ਸਾਡੇ ਲਈ ਇਕ ਵੱਡੀ ਚੁਣੌਤੀ ਹਨ। ਮੈਂ ਇਹ ਮੰਨਦਾ ਹਾਂ ਕਿ ਮਾਮਲਿਆਂ ਨੂੰ ਸੌਂਪਣ ਅਤੇ ਸੂਚੀਬੱਧ ਕਰਨ ’ਤੇ ਵਧੇਰੇ ਧਿਆਨ ਨਹੀਂ ਦਿੱਤਾ ਜਾ ਸਕਿਆ। ਸਾਨੂੰ ਰੋਜ਼ਾਨਾ ਆਉਣ ਵਾਲੀਆਂ ਸਮੱਸਿਆਵਾਂ ਨਾਲ ਜੂਝਣ ’ਚ ਸਮਾਂ ਲਾਉਣਾ ਪੈਂਦਾ ਹੈ। ਆਪਣੇ ਵਿਦਾਇਗੀ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਨਿਆਪਾਲਿਕਾ ਦੀਆਂ ਲੋੜਾਂ ਬਾਕੀਆਂ ਤੋਂ ਵੱਖ ਹਨ। ਜਦੋਂ ਤਕ ਬਾਰ ਪੂਰੇ ਦਿਲ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹੁੰਦੀ, ਉਦੋਂ ਤਕ ਜ਼ਰੂਰੀ ਤਬਦੀਲੀਆਂ ਲਿਆਉਣੀਆਂ ਮੁਸ਼ਕਿਲ ਹਨ। 24 ਅਪ੍ਰੈਲ 2021 ਨੂੰ ਚੀਫ ਜਸਟਿਸ ਬਣਨ ਵਾਲੇ ਰਮੰਨਾ ਨੇ ਕਿਹਾ ਕਿ ਹੁਣ ਸਾਨੂੰ ਆਮ ਆਦਮੀ ਨੂੰ ਜਲਦੀ ਅਤੇ ਕਫਾਇਤੀ ਇਨਸਾਫ ਦਿਵਾਉਣ ਦੀ ਪ੍ਰਕਿਰਿਆ ’ਚ ਅੱਗੇ ਵਧਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਅਦਾਲਤ ਦੀ ਕਾਰਵਾਈ ਦਾ ਹੋਇਆ ਸਿੱਧਾ ਪ੍ਰਸਾਰਣ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਪਹਿਲੀ ਵਾਰ ਆਪਣੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ। ਚੀਫ਼ ਜਸਟਿਸ ਐੱਨ. ਵੀ. ਰਮੰਨਾ ਦੀ ਅਗਵਾਈ ਵਾਲੇ ਬੈਂਚ ਦੀ ਕਾਰਵਾਈ ਦਾ ਵੈੱਬਕਾਸਟ ਪੋਰਟਲ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਗਿਆ। ਚੀਫ ਜਸਟਿਸ ਰਮੰਨਾ ਦੇ ਕਾਰਜਕਾਲ ਦਾ ਸ਼ੁੱਕਰਵਾਰ ਆਖਰੀ ਦਿਨ ਸੀ।
ਅਦਾਲਤ ਵੱਲੋਂ ਜਾਰੀ ਇਕ ਨੋਟਿਸ ਵਿਚ ਕਿਹਾ ਗਿਆ ਕਿ ਮਾਣਯੋਗ ਚੀਫ਼ ਜਸਟਿਸ ਆਫ਼ ਇੰਡੀਆ ਦੇ ਕਾਰਜਕਾਲ ਦੇ ਆਖਰੀ ਦਿਨ ਉਨ੍ਹਾਂ ਦੀ ਅਦਾਲਤ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਸਵੇਰੇ 10:30 ਵਜੇ ਇਹ ਲਾਈਵ ਪ੍ਰਸਾਰਣ ਹੋਇਆ। ਸੁਪਰੀਮ ਕੋਰਟ ਨੇ 2018 ਵਿਚ ਸੰਵਿਧਾਨਕ ਅਤੇ ਰਾਸ਼ਟਰੀ ਮਹੱਤਵ ਵਾਲੇ ਕੇਸਾਂ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਸੀ ਕਿ ਇਹ ਸੂਰਜ ਦੀ ਕਿਰਨ ਵਾਂਗ ਹੈ ਜੋ ਸਭ ਤੋਂ ਵਧੀਆ ਕੀਟਾਣੂਨਾਸ਼ਕ ਹੈ। ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸੰਵਿਧਾਨਕ ਜਾਂ ਰਾਸ਼ਟਰੀ ਮਹੱਤਵ ਵਾਲੇ ਕੁਝ ਵਿਸ਼ੇਸ਼ ਮਾਮਲਿਆਂ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਸਕਦਾ ਹੈ।