ਸੁਪਰੀਮ ਕੋਰਟ ਨੇ ਵਕੀਲ ਨੂੰ ਲਗਾਈ ਫਟਕਾਰ, ਕਿਹਾ- ਜੁਰਮਾਨਾ ਭਰੋ ਜਾਂ ਮਾਣਹਾਨੀ ਨੋਟਿਸ ਦਾ ਕਰੋ ਸਾਹਮਣਾ
Tuesday, Jul 09, 2024 - 04:27 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਇਕ ਵਕੀਲ ਨੂੰ ਅਜਿਹੀ ਪਟੀਸ਼ਨ ਦਾਇਰ ਕਰਨ ਲਈ ਲਗਾਇਆ ਗਿਆ 50 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਨਹੀਂ ਕਰਨ 'ਤੇ ਮੰਗਲਵਾਰ ਨੂੰ ਫਟਕਾਰ ਗਈ, ਜਿਸ 'ਚ 'ਕੋਈ ਦਮ ਨਹੀਂ' ਸੀ। ਸੁਪਰੀਮ ਕੋਰਟ ਨੇ ਵਕੀਲ ਨੂੰ 2 ਹਫ਼ਤਿਆਂ ਅੰਦਰ ਉਕਤ ਰਾਸ਼ੀ ਜਮ੍ਹਾਂ ਕਰਨ ਦਾ ਨਿਰਦੇਸ਼ ਵੀ ਦਿੱਤਾ। ਜੱਜ ਅਭੈ ਐੱਸ. ਓਕਾ ਅਤੇ ਜੱਜ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਜੁਰਮਾਨਾ ਅਦਾ ਕਰਨ ਲਈ ਹੋਰ ਸਮਾਂ ਦੇਣ ਦੀ ਵਕੀਲ ਅਸ਼ੋਕ ਪਾਂਡੇ ਦੀ ਅਪੀਲ ਖਾਰਜ ਕਰ ਦਿੱਤੀ। ਬੈਂਚ ਨੇ ਕਿਹਾ,''ਤੁਸੀਂ ਇਕ ਵਕੀਲ ਹੋ। ਅਦਾਲਤ ਨੂੰ 50 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਤੁਸੀਂ ਉਕਤ ਰਾਸ਼ੀ ਅਦਾ ਨਹੀਂ ਕੀਤੀ ਅਤੇ ਉਸ ਤੋਂ ਬਾਅਦ ਤੁਸੀਂ ਵਿਦੇਸ਼ ਚਲੇ ਗਏ। ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਜੁਰਮਾਨਾ ਰਾਸ਼ੀ ਨਹੀਂ ਚੁਕਾ ਸਕਦੇ। ਤੁਸੀਂ ਜੁਰਮਾਨਾ ਦਿਓ ਨਹੀਂ ਤਾਂ ਅਸੀਂ ਤੁਹਾਡੇ ਖ਼ਿਲਾਫ਼ ਮਾਣਹਾਨੀ ਨੋਟਿਸ ਜਾਰੀ ਕਰਾਂਗੇ।''
ਪਾਂਡੇ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਸਾਲ 2023 ਤੋਂ ਕੋਈ ਮੁਕੱਦਮਾ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਪੂਰਾ ਖਰਚ ਉਨ੍ਹਾਂ ਦੇ ਬੱਚਿਆਂ ਨੇ ਚੁੱਕਿਆ ਸੀ। ਬੈਂਚ ਨੇ ਪਾਂਡੇ ਦੀ ਦਲੀਲ ਖਾਰਜ ਕਰ ਦਿੱਤੀ ਸੀ, ਉਨ੍ਹਾਂ ਨੂੰ 2 ਹਫ਼ਤਿਆਂ ਅੰਦਰ ਜੁਰਮਾਨਾ ਰਾਸ਼ੀ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ 2 ਜਨਵਰੀ 2023 ਨੂੰ ਪਾਂਡੇ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਹਾਈ ਕੋਰਟ ਦੇ ਜੱਜ ਅਹੁਦੇ ਲਈ ਸੁਪਰੀਮ ਕੋਰਟ 'ਚ ਵਕਾਲਤ ਕਰ ਰਹੇ ਵਕੀਲਾਂ ਦੇ ਨਾਂ 'ਤੇ ਵਿਚਾਰ ਨਹੀਂ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਪਟੀਸ਼ਨ 'ਚ ਕੋਈ ਦਮ ਨਹੀਂ ਹੈ ਅਤੇ ਪੂਰੀ ਤਰ੍ਹਾਂ ਨਾਲ ਅਦਾਲਤ ਦੇ ਸਮੇਂ ਦੀ ਬਰਬਾਦੀ ਹੈ।'' ਅਦਾਲਤ ਨੇ ਪਟੀਸ਼ਨ ਦਾਇਰ ਕਰਨ ਲਈ ਪਾਂਡੇ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e