ਮਹਿਲਾ ਡਾਕਟਰ ਦਾ ਉਸੇ ਮਰੀਜ਼ ਨੇ ਕੀਤਾ ਕਤਲ, ਜਿਸ ਦਾ ਕਰ ਰਹੀ ਸੀ ਇਲਾਜ

Thursday, May 11, 2023 - 12:40 PM (IST)

ਮਹਿਲਾ ਡਾਕਟਰ ਦਾ ਉਸੇ ਮਰੀਜ਼ ਨੇ ਕੀਤਾ ਕਤਲ, ਜਿਸ ਦਾ ਕਰ ਰਹੀ ਸੀ ਇਲਾਜ

ਕੋਲਮ (ਭਾਸ਼ਾ)- ਕੇਰਲ ਦੇ ਕੋਟਾਰੱਕਾਰਾ ਦੇ ਸਰਕਾਰੀ ਹਸਪਤਾਲ ’ਚ ਇਲਾਜ ਲਈ ਲਿਆਂਦੇ ਗਏ ਇਕ ਵਿਅਕਤੀ ਨੇ ਬੁੱਧਵਾਰ ਨੂੰ 22 ਸਾਲਾ ਇਕ ਮਹਿਲਾ ਡਾਕਟਰ ਦਾ ਕਤਲ ਕਰ ਦਿੱਤਾ। ਮੁਲਜ਼ਮ ਸੰਦੀਪ ਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਾਰ-ਕੁੱਟ ਕਰਨ ਤੋਂ ਬਾਅਦ ਪੁਲਸ ਹਸਪਤਾਲ ਲੈ ਕੇ ਆਈ ਸੀ। ਕੋਟਾਰੱਕਾਰਾ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਾਕਟਰ ਵੰਦਨਾ ਦਾਸ ਉਸ ਵਿਅਕਤੀ ਦੇ ਪੈਰ ਦੇ ਜ਼ਖ਼ਮ ਦੀ ਡ੍ਰੈਸਿੰਗ ਕਰ ਰਹੀ ਸੀ, ਉਦੋਂ ਉਹ ਵਿਅਕਤੀ ਅਚਾਨਕ ਹਿੰਸਕ ਹੋ ਗਿਆ ਅਤੇ ਸਰਜਰੀ ’ਚ ਵਰਤੇ ਜਾਣ ਵਾਲੇ ਬਲੇਡ ਨਾਲ ਉੱਥੇ ਖੜ੍ਹੇ ਸਾਰੇ ਲੋਕਾਂ ’ਤੇ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਡ੍ਰੈਸਿੰਗ ਕਰ ਰਹੀ ਡਾਕਟਰ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਮੁਲਜ਼ਮ ਨੂੰ ਹਸਪਤਾਲ ਲੈ ਕੇ ਆਏ ਪੁਲਸ ਮੁਲਾਜ਼ਮ ਵੀ ਹਮਲੇ ’ਚ ਜ਼ਖ਼ਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਡਾਕਟਰ ਨੂੰ ਤਿਰੁਵਨੰਤਪੁਰਮ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੇ ਰੋਸ ’ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਅਤੇ ਕੇਰਲ ਗਵਰਨਮੈਂਟ ਮੈਡੀਕਲ ਆਫਿਸਰਸ ਐਸੋਸੀਏਸ਼ਨ (ਕੇ. ਜੀ. ਐੱਮ. ਓ. ਏ.) ਨੇ ਪੂਰੇ ਸੂਬੇ ’ਚ ਰੋਸ ਪ੍ਰਦਰਸ਼ਨ ਕੀਤਾ। ਕੋਲਮ ਜ਼ਿਲੇ ’ਚ ਐਮਰਜੈਂਸੀ ਇਲਾਜ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਮੁਅੱਤਲ ਰਹੀਆਂ। ਉੱਥੇ ਹੀ ਘਟਨਾ ਨੂੰ ਲੈ ਕੇ ਮੀਡੀਆ ’ਚ ਆਈਆਂ ਖਬਰਾਂ ਦੇ ਆਧਾਰ ’ਤੇ ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲਿਆ ਅਤੇ ਕੋਲਮ ਦੇ ਜ਼ਿਲਾ ਪੁਲਸ ਮੁਖੀ ਤੋਂ ਸੱਤ ਦਿਨਾਂ ਦੇ ਅੰਦਰ ਇਕ ਰਿਪੋਰਟ ਮੰਗੀ ਹੈ।

ਸਿਹਤ ਮੁਲਾਜ਼ਮਾਂ ’ਤੇ ਹਮਲਾ ਨਾ-ਬਰਦਾਸ਼ਤ ਕਰਨ ਯੋਗ : ਮੁੱਖ ਮੰਤਰੀ

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਨੇ ਡਾਕਟਰ ਦੀ ਮੌਤ ’ਤੇ ਸੋਗ ਪ੍ਰਗਟਾਇਆ ਅਤੇ ਕਿਹਾ ਕਿ ਇਹ ਡਿਊਟੀ ਦੌਰਾਨ ਸਿਹਤ ਮੁਲਾਜ਼ਮਾਂ ’ਤੇ ਹਮਲਾ ਨਾ-ਬਰਦਾਸ਼ਤ ਕਰਨ ਯੋਗ ਹੈ। ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ। ਸਰਕਾਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ’ਤੇ ਹਮਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ।


author

DIsha

Content Editor

Related News