ਪਾਦਰੀ ਬਜਿੰਦਰ ਸਿੰਘ ਜਿਨਸੀ ਸ਼ੋਸ਼ਣ ਮਾਮਲਾ : ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ ਪੀੜਤਾ
Tuesday, Mar 25, 2025 - 08:50 PM (IST)

ਨਵੀਂ ਦਿੱਲੀ, (ਭਾਸ਼ਾ)- ਪੰਜਾਬ ਦੇ ਪਾਦਰੀ ਬਜਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਔਰਤ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਦੇ ਸਾਹਮਣੇ ਪੇਸ਼ ਹੋਈ। ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਸਵੈ-ਘੋਸ਼ਿਤ ਈਸਾਈ ਧਰਮ ਪ੍ਰਚਾਰਕ ਪਾਦਰੀ ਬਜਿੰਦਰ ਸਿੰਘ (42) ਵਿਰੁੱਧ 22 ਸਾਲਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਜਿਨਸੀ ਸ਼ੋਸ਼ਣ ਦਾ ਮਾਮਲਾ 28 ਫਰਵਰੀ ਨੂੰ ਦਰਜ ਕੀਤਾ ਗਿਆ ਸੀ।
ਔਰਤ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਬਜਿੰਦਰ ਸਿੰਘ ਉਸਨੂੰ ਮੈਸੇਜ ਕਰਦਾ ਰਹਿੰਦਾ ਸੀ ਅਤੇ ਹਰੇਕ ਐਤਵਾਰ ਨੂੰ ਚਰਚ ਦੇ ਇਕ ਕਮਰੇ ਵਿਚ ਉਸਨੂੰ ਇਕੱਲੀ ਬਿਠਾਉਂਦਾ ਸੀ ਅਤੇ ਇਸ ਦੌਰਾਨ ਉਹ ਉਸਨੂੰ ਗਲਤ ਤਰੀਕੇ ਨਾਲ ਛੂੰੰਹਦਾ ਸੀ। ਪੁਲਸ ਨੇ ਪਾਦਰੀ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354ਏ (ਜਿਨਸੀ ਸ਼ੋਸ਼ਣ), 354ਡੀ (ਪਿੱਛਾ ਕਰਨਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਨ. ਸੀ. ਡਬਲਯੂ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਮਲੇ ਦੀ ਸੁਣਵਾਈ ਲਈ ਔਰਤ (ਪੀੜਤਾ) ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ। ਐੱਨ. ਸੀ. ਡਬਲਯੂ. ਦੀ ਚੇਅਰਪਰਸਨ ਵਿਜਯਾ ਰਹਾਟਕਰ ਨੇ 7 ਮਾਰਚ ਨੂੰ ਕਿਹਾ ਸੀ ਕਿ ਕਮਿਸ਼ਨ ਨੇ ਇਸ ਮਾਮਲੇ ਵਿਚ ਪੰਜਾਬ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।