ਤਰਨਜੀਤ ਸਿੰਘ ਸੰਧੂ ਨੇ ਐਲ ਜੀ ਵਜੋਂ ਸਹੁੰ ਚੁੱਕਣ ਮਗਰੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ

Wednesday, Mar 11, 2026 - 10:34 PM (IST)

ਤਰਨਜੀਤ ਸਿੰਘ ਸੰਧੂ ਨੇ ਐਲ ਜੀ ਵਜੋਂ ਸਹੁੰ ਚੁੱਕਣ ਮਗਰੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, (ਸਰਬਜੀਤ)- ਦਿੱਲੀ ਦੇ ਉਪ ਰਾਜਪਾਲ (ਐੱਲ. ਜੀ.) ਵਜੋਂ ਸਹੁੰ ਚੁੱਕਣ ਉਪਰੰਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਅਸ਼ੀਸ਼ ਸੂਦ ਵੀ ਹਾਜ਼ਰ ਸਨ।

ਗੁਰੂ ਘਰ ਵਿਚ ਨਤਮਸਤਕ ਹੋਣ ਉਪਰੰਤ ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਚ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ’ਤੇ ਨਵ ਨਿਯੁਕਤ ਐੱਲ. ਜੀ. ਨਾਲ ਕਾਲਕਾ ਤੇ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਉਹਨਾਂ ਨਾਲ ਸਿੱਖ ਮਸਲਿਆਂ ’ਤੇ ਚਰਚਾ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਦਿੱਲੀ ਦੇ ਐੱਲ. ਜੀ. ਨਿਯੁਕਤ ਹੋਣ ਨਾਲ ਦਿੱਲੀ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਮਸਲਿਆਂ ਦੇ ਹੱਲ ਵਾਸਤੇ ਨਵੀਂ ਆਸ ਦੀ ਕਿਰਨ ਜਾਗੀ ਹੈ। ਉਹਨਾਂ ਕਿਹਾ ਕਿ ਸੰਧੂ ਸਮੁੰਦਰੀ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੰਸਥਾਪਕ ਵਾਈਸ ਚਾਂਸਲਰ ਸਨ ਤੇ ਉਹਨਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਸਿੱਖ ਕੌਮ ਦੇ ਮਹਾਨ ਨਾਇਕ ਸਨ।

ਉਹਨਾਂ ਕਿਹਾ ਕਿ ਇਹ ਸਮੁੰਦਰੀ ਪਰਿਵਾਰ ਸਿੱਖ ਕੌਮ ਦੀ ਵੱਡੀ ਸੇਵਾ ਵਾਸਤੇ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਨਿਯੁਕਤੀ ਸਮੁੱਚੀ ਦਿੱਲੀ ਵਾਸਤੇ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ, ਇਹ ਸਪਸ਼ਟ ਨਜ਼ਰ ਆ ਰਿਹਾ ਹੈ।

ਇਸ ਮੌਕੇ ਕਾਲਕਾ ਤੇ ਕਾਹਲੋਂ ਨੇ ਨਵ ਨਿਯੁਕਤ ਐੱਲ. ਜੀ. ਤਰਨਜੀਤ ਸਿੰਘ ਸੰਧੂ ਸਮੁੰਦਰੀ, ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰਨਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਾ ਸਿਰਫ ਗੁਰਦੁਆਰਾ ਪ੍ਰਬੰਧਾਂ ਬਲਕਿ ਸਿਹਤ ਤੇ ਸਿੱਖਿਆ ਵਿਚ ਕੀਤੇ ਜਾਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਕਿਵੇਂ ਅਸੀਂ 50 ਰੁਪਏ ਐੱਮ. ਆਰ. ਆਈ. ਟੈਸਟ ਕਰ ਰਹੇ ਹਾਂ, ਮੁਫਤ ਵਿਚ ਡਾਇਲਸਿਸ ਕਰ ਰਹੇ ਹਾਂ ਤੇ ਕਿਵੇਂ ਲੋਕਾਂ ਨੂੰ ਤਕਰੀਬਨ ਮੁਫਤ ਵਰਗੇ ਟੈਸਟਾਂ ਅਤੇ 90 ਫੀਸਦੀ ਸਸਤੀਆਂ ਦਵਾਈਆਂ ਦਾ ਲਾਭ ਮਿਲ ਰਿਹਾ ਹੈ।

ਇਹਨਾਂ ਸੇਵਾਵਾਂ ਦੀ ਜਾਣਕਾਰੀ ਲੈਣ ’ਤੇ ਐੱਲ. ਜੀ. ਸੰਧੂ ਸਮੁੰਦਰੀ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਭਰੋਸਾ ਦੁਆਇਆ ਕਿ ਆਉਂਦੇ ਸਮੇਂ ਵਿਚ ਦਿੱਲੀ ਸਰਕਾਰ ਵੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਹੋਰ ਵੱਡਮੁੱਲਾ ਸਹਿਯੋਗ ਦੇਵੇਗੀ। ਇਸ ਮੌਕੇ ਕਮੇਟੀ ਅਹੁਦੇਦਾਰ, ਮੈਂਬਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।


author

Rakesh

Content Editor

Related News