ਆਯੂਸ਼ੀ ਕਤਲਕਾਂਤ : ਇਸ ਗੱਲ ਤੋਂ ਨਾਰਾਜ਼ ਪਿਤਾ ਨੇ ਧੀ ਦਾ ਗੋਲੀਆਂ ਮਾਰ ਕੀਤਾ ਸੀ ਕਤਲ

Tuesday, Nov 22, 2022 - 02:20 PM (IST)

ਮਥੁਰਾ (ਭਾਸ਼ਾ)- ਯਮੁਨਾ ਐਕਸਪ੍ਰੈੱਸ ਵੇਅ 'ਤੇ ਟਰਾਲੀ ਬੈਗ 'ਚੋਂ ਮਿਲੀ ਲਾਸ਼ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਆਯੂਸ਼ੀ ਵਜੋਂ ਹੋਈ ਹੈ। ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ 2 ਗੋਲੀਆਂ ਮਾਰੀਆਂ ਸਨ, ਜਿਨ੍ਹਾਂ 'ਚੋਂ ਇਕ ਗੋਲੀ ਉਸ ਦੀ ਛਾਤੀ ਦੇ ਪਾਰ ਹੋ ਗਈ ਸੀ ਜਦੋਂ ਕਿ ਦੂਜੀ ਸਿਰ 'ਚ ਅਟਕ ਗਈ। ਦੱਸਿਆ ਜਾ ਰਿਹਾ ਹੈ ਕਿ ਆਯੂਸ਼ੀ ਦੇ ਮਾਤਾ-ਪਿਤਾ ਇਕ ਸਾਲ ਪਹਿਲਾਂ ਅੰਤਰਜਾਤੀ ਵਿਆਹ ਕਰਨ ਕਾਰਨ ਉਸ ਤੋਂ ਨਾਰਾਜ਼ ਸਨ। ਕਾਰਜਕਾਰੀ ਸੀਨੀਅਰ ਪੁਲਸ ਸੁਪਰਡੈਂਟ ਮਾਰਤੰਡ ਪ੍ਰਕਾਸ਼ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਯੂਸ਼ੀ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੇ ਸਿਰ ਅਤੇ ਛਾਤੀ 'ਚ ਗੋਲੀ ਮਾਰੀ ਗਈ ਸੀ। ਆਯੂਸ਼ੀ ਦਾ ਪੋਸਟਮਾਰਟਮ ਵੀਡੀਓਗ੍ਰਾਫੀ ਤਹਿਤ ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ। ਸ਼ੁੱਕਰਵਾਰ ਨੂੰ ਮਥੁਰਾ ਜ਼ਿਲ੍ਹੇ ਦੇ ਯਮੁਨਾ ਐਕਸਪ੍ਰੈੱਸ ਵੇਅ ਦੇ ਸਰਵਿਸ ਰੋਡ 'ਤੇ ਇਕ ਬੰਦ ਟਰਾਲੀ ਬੈਗ 'ਚ ਇਕ ਕੁੜੀ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਨਾਲ ਉਸ ਦੇ ਪਿਤਾ ਨੂੰ ਕਤਲ ਅਤੇ ਸਬੂਤ ਲੁਕਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਆਯੂਸ਼ੀ ਨੇ ਇਕ ਸਾਲ ਪਹਿਲਾਂ ਭਰਤਪੁਰ ਦੇ ਰਹਿਣ ਵਾਲੇ ਆਪਣੇ ਸਹਿਪਾਠੀ ਛਤਰਪਾਲ ਗੁੱਜਰ ਨਾਲ ਉਥੇ ਆਰੀਆ ਸਮਾਜ ਮੰਦਰ 'ਚ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਟਰਾਲੀ ਬੈਗ 'ਚ ਮਿਲੀ ਲਾਸ਼ ਦੀ ਹੋਈ ਪਛਾਣ, ਪਿਓ ਹੀ ਨਿਕਲਿਆ ਕਾਤਲ

ਅਧਿਕਾਰੀਆਂ ਨੇ ਦੱਸਿਆ ਕਿ ਆਯੂਸ਼ੀ ਦੇ ਪਿਤਾ ਨੀਤੇਸ਼ ਯਾਦਵ ਅਤੇ ਮਾਂ ਬ੍ਰਜਬਾਲਾ ਆਪਣੀ ਧੀ ਦੇ ਪ੍ਰੇਮ ਵਿਆਹ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਆਯੂਸ਼ੀ ਦੇ ਘਰੋਂ ਉਸ ਦਾ ਮੈਰਿਜ ਸਰਟੀਫਿਕੇਟ ਵੀ ਮਿਲਿਆ ਹੈ। ਅਧਿਕਾਰੀਆਂ ਮੁਤਾਬਕ ਵਿਆਹ ਤੋਂ ਬਾਅਦ ਆਯੂਸ਼ੀ ਜਦੋਂ ਵੀ ਚਾਹੁੰਦੀ ਸੀ ਆਪਣੇ ਪਤੀ ਕੋਲ ਚੱਲੀ ਜਾਂਦੀ ਸੀ। ਅਧਿਕਾਰੀਆਂ ਮੁਤਾਬਕ ਆਯੂਸ਼ੀ ਕਤਲ ਵਾਲੇ ਦਿਨ ਯਾਨੀ ਬੀਤੇ ਵੀਰਵਾਰ ਨੂੰ ਵੀ ਆਪਣੇ ਪਤੀ ਦੇ ਘਰੋਂ ਵਾਪਸ ਆਈ ਸੀ। ਉਨ੍ਹਾਂ ਦੱਸਿਆ ਕਿ ਆਯੂਸ਼ੀ ਦੇ ਮਾਤਾ-ਪਿਤਾ ਨੇ ਵਿਆਹ ਤੋਂ ਪਹਿਲਾਂ ਅਤੇ ਬਾਅਦ 'ਚ ਉਸ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਿਰਫ਼ ਇੰਨਾ ਹੀ ਕਹਿੰਦੀ ਸੀ ਕਿ ਹੁਣ ਉਹ ਬਾਲਗ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਲੈ ਸਕਦੀ ਹੈ।

ਇਹ ਵੀ ਪੜ੍ਹੋ : ਯਮੁਨਾ ਐਕਸਪ੍ਰੈੱਸਵੇਅ ’ਤੇ ਟਰਾਲੀ ਬੈਗ ’ਚੋਂ ਮਿਲੀ ਕੁੜੀ ਦੀ ਲਾਸ਼, ਫੈਲੀ ਸਨਸਨੀ

ਅਧਿਕਾਰੀਆਂ ਮੁਤਾਬਕ ਆਯੂਸ਼ੀ ਦੀ ਇਸ ਗੱਲ ਨਾਲ ਪਰਿਵਾਰ ਕਦੇ ਵੀ ਸਮਝੌਤਾ ਨਹੀਂ ਰਕ ਸਕਿਆ ਅਤੇ ਵੀਰਵਾਰ ਨੂੰ ਉਸ ਦੇ ਪਿਤਾ ਨੇ ਗੁੱਸੇ 'ਚ ਆ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਆਯੂਸ਼ੀ ਦਿੱਲੀ ਗਲੋਬਲ ਸਕੂਲ ਆਫ਼ ਟੈਕਨਾਲੋਜੀ 'ਚ ਬੀਸੀਏ ਦੇ ਫਾਈਨਲ ਸਾਲ ਦੀ ਵਿਦਿਆਰਥਣ ਸੀ ਅਤੇ ਪੜ੍ਹਾਈ 'ਚ ਬਹੁਤ ਤੇਜ਼ ਸੀ। ਅਧਿਕਾਰੀਆਂ ਦੇ ਅਨੁਸਾਰ, ਉਸ ਨੇ NEET ਦਾਖ਼ਲਾ ਪ੍ਰੀਖਿਆ ਪਾਸ ਕਰ ਲਈ ਸੀ ਪਰ ਇੰਟਰਵਿਊ ਲਈ ਹਾਜ਼ਰ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਆਯੂਸ਼ੀ ਦੀ ਇਹ ਗੱਲ ਮਾਤਾ-ਪਿਤਾ ਨੂੰ ਖ਼ਰਾਬ ਲੱਗੀ ਸੀ, ਕਿਉਂਕਿ ਪਰਿਵਾਰ ਵਾਲੇ ਉਸ ਨੂੰ ਡਾਕਟਰ ਬਣਦੇ ਦੇਖਣਾ ਚਾਹੁੰਦੇ ਸਨ। ਅਧਿਕਾਰੀਆਂ ਮੁਤਾਬਕ ਆਯੂਸ਼ੀ 1 ਦਸੰਬਰ ਨੂੰ 22 ਸਾਲ ਦੀ ਹੋਣ ਵਾਲੀ ਸੀ। ਸੋਮਵਾਰ ਨੂੰ ਉਸ ਦੇ ਮਾਤਾ-ਪਿਤਾ ਨੇ ਪੁਲਸ ਹਿਰਾਸਤ 'ਚ ਲਕਸ਼ਮੀ ਨਗਰ ਇਲਾਕੇ 'ਚ ਯਮੁਨਾ ਦੇ ਦੂਜੇ ਪਾਸੇ ਉਸ ਦਾ ਸਸਕਾਰ ਕਰ ਦਿੱਤਾ। ਚਿਖਾ ਨੂੰ ਅਗਨੀ ਵੀ ਪਿਤਾ ਨੇ ਹੀ ਦਿੱਤੀ। ਉਸ ਦਾ ਭਰਾ ਉੱਥੇ ਮੌਜੂਦ ਨਹੀਂ ਸੀ। ਅਧਿਕਾਰੀਆਂ ਮੁਤਾਬਕ ਪੁਲਸ ਨੂੰ ਘਟਨਾ ਨਾਲ ਸਬੰਧਤ ਕਈ ਇਲੈਕਟ੍ਰਾਨਿਕ ਸਬੂਤ ਵੀ ਮਿਲੇ ਹਨ, ਜਿਨ੍ਹਾਂ ਰਾਹੀਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਾ। ਸੀਨੀਅਰ ਪੁਲਿਸ ਸੁਪਰਡੈਂਟ ਮਾਰਤੰਡ ਪ੍ਰਕਾਸ਼ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਆਯੂਸ਼ੀ ਦੇ ਕਤਲ ਦੇ ਦੋਸ਼ੀ ਉਸ ਦੇ ਪਿਤਾ ਨੀਤੇਸ਼ ਯਾਦਵ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਹੀ ਹਿਰਾਸਤ 'ਚ ਲੈ ਲਿਆ ਗਿਆ ਸੀ ਪਰ ਕਤਲ 'ਚ ਵਰਤੇ ਗਏ ਰਿਵਾਲਵਰ ਅਤੇ ਲਾਸ਼ ਨੂੰ ਟਿਕਾਣੇ ਲਗਾਉਣ 'ਚ ਵਰਤੀ ਗਈ ਕਾਰ ਬਰਾਮਦ ਕੀਤੇ ਜਾਣ ਤੋਂ ਬਾਅਦ ਮ੍ਰਿਤਕਾ ਦੀ ਮਾਂ ਬ੍ਰਜਬਾਲਾ ਯਾਦਵ ਨੂੰ ਵੀ ਇਸ ਵਾਰਦਾਤ 'ਚ ਬਰਾਬਰ ਦਾ ਹਿੱਸੇਦਾਰ ਮੰਨਦੇ ਹੋਏ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News