iPhone ਦੀ ਜ਼ਿੱਦ ਨੇ ਉਜਾੜਿਆ ਪਰਿਵਾਰ: ਪਹਾੜੀ ਤੋਂ ਡਿੱਗਣ ਕਾਰਨ ਮਾਤਾ-ਪਿਤਾ ਤੇ ਪੁੱਤਰ ਦੀ ਦਰਦਨਾਕ ਮੌਤ

Friday, Aug 21, 2026 - 11:49 PM (IST)

iPhone ਦੀ ਜ਼ਿੱਦ ਨੇ ਉਜਾੜਿਆ ਪਰਿਵਾਰ: ਪਹਾੜੀ ਤੋਂ ਡਿੱਗਣ ਕਾਰਨ ਮਾਤਾ-ਪਿਤਾ ਤੇ ਪੁੱਤਰ ਦੀ ਦਰਦਨਾਕ ਮੌਤ

ਛੱਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਵਿਖੇ ਆਈਫੋਨ ਨੂੰ ਲੈ ਕੇ ਹੋਏ ਪਰਿਵਾਰਕ ਵਿਵਾਦ ਤੋਂ ਬਾਅਦ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ ਹੈ। ਇੱਥੇ ਇੱਕ 19 ਸਾਲਾ ਨੌਜਵਾਨ, ਉਸ ਦੇ ਪਿਤਾ ਅਤੇ ਮਾਂ ਦੀ ਪਹਾੜੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ 19 ਸਾਲਾ ਕੁਣਾਲ ਚਾਂਦਗੁੜੇ, ਉਸ ਦੇ ਪਿਤਾ ਮੁਰਲੀਧਰ ਚਾਂਦਗੁੜੇ (48 ਸਾਲ) ਅਤੇ ਮਾਂ ਸੰਗੀਤਾ ਵਜੋਂ ਹੋਈ ਹੈ, ਜੋ ਕਿ ਸ਼ਹਿਰ ਦੇ ਝਾਲਟਾ ਫਾਟਾ ਇਲਾਕੇ ਦੇ ਰਹਿਣ ਵਾਲੇ ਸਨ।

ਪੁਲਸ ਅਨੁਸਾਰ, ਆਈਫੋਨ ਦੀ ਜ਼ਿੱਦ ਨੂੰ ਲੈ ਕੇ ਮਾਤਾ-ਪਿਤਾ ਨਾਲ ਹੋਏ ਝਗੜੇ ਤੋਂ ਬਾਅਦ 19 ਸਾਲਾ ਕੁਣਾਲ ਤਿਸਗਾਂਵ ਦੀ ਇੱਕ ਪਹਾੜੀ 'ਤੇ ਚਲਾ ਗਿਆ ਸੀ। ਉਸ ਨੂੰ ਬਚਾਉਣ ਲਈ ਪੁਲਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਲਗਭਗ ਤਿੰਨ ਘੰਟੇ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੇ ਪਹਾੜੀ ਦੇ ਹੇਠਾਂ ਸੁਰੱਖਿਆ ਜਾਲ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੁਣਾਲ ਲਗਾਤਾਰ ਆਪਣੀ ਜਗ੍ਹਾ ਬਦਲਦਾ ਰਿਹਾ।

ਦੁਪਹਿਰ ਲਗਭਗ 1 ਵਜੇ ਕੁਣਾਲ ਦੇ ਪਿਤਾ ਮੁਰਲੀਧਰ ਉਸ ਦੇ ਨੇੜੇ ਪਹੁੰਚੇ ਅਤੇ ਉਸ ਨੂੰ ਫੜ ਕੇ ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਇਸੇ ਦੌਰਾਨ ਕੁਣਾਲ ਨੇ ਪਹਾੜੀ ਤੋਂ ਹੇਠਾਂ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪਿਤਾ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਹਾੜੀ ਤੋਂ ਹੇਠਾਂ ਡਿੱਗ ਗਏ। ਆਪਣੇ ਪਤੀ ਅਤੇ ਪੁੱਤਰ ਨੂੰ ਅੱਖਾਂ ਸਾਹਮਣੇ ਹੇਠਾਂ ਡਿੱਗਦਾ ਦੇਖ ਕੇ ਮਾਂ ਸੰਗੀਤਾ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਮਹਿਜ਼ ਕੁਝ ਹੀ ਸੈਕੰਡਾਂ ਵਿੱਚ ਪਰਿਵਾਰ ਦੇ ਇਹਨਾਂ ਤਿੰਨਾਂ ਜੀਆਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News