ਸੜਕ ''ਤੇ ਪਏ ਟੋਏ ਕਾਰਨ ਜੋਤਸ਼ੀ ਵਿਨੋਦ ਜੋਸ਼ੀ ਦੀ ਦਰਦਨਾਕ ਮੌਤ

Wednesday, Sep 30, 2026 - 06:51 PM (IST)

ਸੜਕ ''ਤੇ ਪਏ ਟੋਏ ਕਾਰਨ ਜੋਤਸ਼ੀ ਵਿਨੋਦ ਜੋਸ਼ੀ ਦੀ ਦਰਦਨਾਕ ਮੌਤ

ਲੁਧਿਆਣਾ (ਰਾਜ)- ਲੁਧਿਆਣਾ ਦੀਆਂ ਖਸਤਾਹਾਲ ਸੜਕਾਂ ਤੇ ਨਗਰ ਨਿਗਮ ਦੀ ਅਣਗਹਿਲੀ ਆਮ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲੇ ਵਿਚ ਸੈਕਟਰ-32 ਮੰਦਰ ਨੇੜੇ ਸੜਕ ਦੇ ਵਿਚਕਾਰ ਬਣੇ ਇਕ ਡੂੰਘੇ ਟੋਏ ਕਾਰਨ ਐਕਟਿਵਾ ਸਵਾਰ 57 ਸਾਲਾ ਜੋਤਸ਼ੀ ਵਿਨੋਦ ਜੋਸ਼ੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਨੋਦ ਜੋਸ਼ੀ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਨੇੜੇ ਰਹਿੰਦੇ ਸਨ। ਉਨ੍ਹਾਂ ਦਾ ਮੁੱਖ ਦਫ਼ਤਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਧਰਮਪੁਰ ਵਿਖੇ ਸੀ, ਜਿੱਥੇ ਉਹ ਹਫ਼ਤੇ ਵਿਚ ਤਿੰਨ ਦਿਨ ਜੋਤਿਸ਼ ਸਲਾਹ ਦੇਣ ਜਾਂਦੇ ਸਨ ਤੇ ਬਾਕੀ ਦਿਨ ਲੁਧਿਆਣਾ ਵਿੱਚ ਪਰਿਵਾਰ ਨਾਲ ਸਮਾਂ ਬਿਤਾਉਂਦੇ ਸਨ। ਮੰਗਲਵਾਰ ਸਵੇਰੇ ਸਾਢੇ ਦੱਸ ਵਜੇ ਉਹ ਘਰ ਦਾ ਜ਼ਰੂਰੀ ਸਾਮਾਨ ਲੈਣ ਲਈ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਬਾਜ਼ਾਰ ਨਿਕਲੇ ਸਨ।

ਜਿਵੇਂ ਹੀ ਉਹ ਸੈਕਟਰ-32 ਮੰਦਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਐਕਟਿਵਾ ਦਾ ਪਹੀਆ ਅਚਾਨਕ ਸੜਕ ਦੇ ਵਿਚਕਾਰ ਬਣੇ ਡੂੰਘੇ ਖੱਡੇ ਵਿੱਚ ਫਸ ਗਿਆ। ਪਹੀਆ ਧੱਸਣ ਨਾਲ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਜ਼ ਝਟਕੇ ਨਾਲ ਸੜਕ 'ਤੇ ਜਾ ਡਿੱਗੇ। ਇਸ ਦੌਰਾਨ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਖੇਚਲ ਨਹੀਂ ਕੀਤੀ।

ਕੁਝ ਦੇਰ ਬਾਅਦ ਜਦੋਂ ਮ੍ਰਿਤਕ ਦਾ ਭਤੀਜਾ ਗੌਰਵ ਗੈਸ ਸਿਲੰਡਰ ਲੈ ਕੇ ਉਸੇ ਰਸਤੇ ਤੋਂ ਲੰਘ ਰਿਹਾ ਸੀ ਤਾਂ ਉਸ ਨੇ ਭੀੜ ਅਤੇ ਜ਼ਖ਼ਮੀ ਵਿਅਕਤੀ ਨੂੰ ਦੇਖ ਕੇ ਰੋਕਿਆ। ਕਰੀਬ ਜਾ ਕੇ ਦੇਖਣ 'ਤੇ ਉਸ ਨੂੰ ਪਤਾ ਲੱਗਾ ਕਿ ਇਹ ਹਾਦਸਾ ਉਸ ਦੇ ਆਪਣੇ ਚਾਚਾ ਨਾਲ ਵਾਪਰਿਆ ਹੈ। ਉਹ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੇ ਜਾਨਲੇਵਾ ਖੱਡਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।


author

Anmol Tagra

Content Editor

Related News