ਭਾਰਤੀ ਨਾਲ ਵਿਆਹੀ ਪਾਕਿ ਔਰਤ ਨੂੰ ਨਹੀਂ ਮਿਲ ਰਿਹਾ ਵੀਜ਼ਾ, ਸੱਸ ਨੇ ਮੰਗੀ ਸੁਸ਼ਮਾ ਤੋਂ ਮਦਦ
Saturday, Apr 27, 2019 - 10:25 AM (IST)
 
            
            ਨਵੀਂ ਦਿੱਲੀ— ਭਾਰਤ-ਪਾਕਿਸਤਾਨ ਤਣਾਅ ਕਾਰਨ ਭਾਰਤੀ ਨਾਲ ਵਿਆਹੀ ਇਕ ਪਾਕਿਸਤਾਨੀ ਔਰਤ ਨੂੰ ਵੀਜ਼ਾ ਨਹੀਂ ਮਿਲ ਰਿਹਾ ਹੈ। ਇਸ ਮਾਮਲੇ 'ਚ ਔਰਤ ਦੀ ਸੱਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਾਕਿਸਤਾਨੀ ਔਰਤ ਨੇ 2011 'ਚ ਹੈਦਰਾਬਾਦ ਦੇ ਰਹਿਣ ਵਾਲੇ ਸ਼ੇਖ ਏਜਾਜ਼ ਮੋਹਿਉਦੀਨ ਨਾਲ ਵਿਆਹ ਕੀਤਾ ਸੀ। ਔਰਤ 2018 'ਚ ਆਪਣੇ 2 ਬੱਚਿਆਂ ਨਾਲ ਪਾਕਿਸਤਾਨ 'ਚ ਆਪਣੇ ਬੀਮਾਰ ਪਿਤਾ ਨੂੰ ਦੇਖਣ ਗਈ ਸੀ, ਉਦੋਂ ਤੋਂ ਉਸ ਨੂੰ ਵਾਪਸ ਭਾਰਤ ਆਉਣ ਦਾ ਵੀਜ਼ਾ ਨਹੀਂ ਮਿਲ ਸਕਿਆ। ਇਸੇ ਮਾਮਲੇ 'ਚ ਹੁਣ ਔਰਤ ਦੀ ਸੱਸ ਨੇ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਹੈ।
ਦੋਹਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਔਰਤ ਦੀ ਸੱਸ ਨੇ ਕਿਹਾ,''ਔਰਤ ਦੇ ਬੱਚੇ ਭਾਰਤੀ ਨਾਗਰਿਕ ਹਨ, ਉਹ ਤਾਂ ਆ ਸਕਦੇ ਹਨ ਪਰ ਉਨ੍ਹਾਂ ਨੂੰ ਭਾਰਤੀ ਵੀਜ਼ੇ ਦੀ ਲੋੜ ਹੈ। ਜਦੋਂ ਉਹ ਲੋਕ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਕਾਰਨ ਉਨ੍ਹਾਂ ਲੋਕਾਂ ਦੀ ਵਾਪਸੀ ਨਹੀਂ ਹੋ ਸਕੀ ਸੀ। ਔਰਤ ਦੀ ਵੀਜ਼ਾ ਐਪਲੀਕੇਸ਼ਨ ਦੂਤਘਰ 'ਚ ਪੈਂਡਿੰਗ ਹੈ। ਮੈਂ ਸੁਸ਼ਮਾ ਸਵਰਾਜ ਨੂੰ ਅਪੀਲ ਕਰਦੀ ਹਾਂ ਕਿ ਜਲਦ ਉਨ੍ਹਾਂ ਦਾ ਵੀਜ਼ਾ ਜਾਰੀ ਕਰਨ।''

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            