ਦਿੱਲੀ ਦੇ ਮਜਨੂੰ ਕਾ ਟਿੱਲਾ ’ਚ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਹਨ ਬੁਨਿਆਦੀ ਸਹੂਲਤਾਂ ਤੋਂ ਵਾਂਝੇ
Monday, Jul 18, 2022 - 11:15 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮਜਨੂੰ ਕਾ ਟਿੱਲਾ ’ਚ ਇਕ ਸੀਮਿਤ ਖੇਤਰ ’ਚ ਰਹਿ ਰਹੇ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਨੂੰ ਪਾਣੀ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਲੋਕ ਚੰਗੇ ਭਵਿੱਖ ਦੀ ਆਸ ਨਾਲ ਭਾਰਤ ਆਏ ਸਨ ਜਿਨ੍ਹਾਂ ਨੂੰ ਇੱਥੇ ਤੰਬੂਆਂ ਅਤੇ ਕੱਚੇ ਘਰਾਂ ’ਚ ਰਹਿਣਾ ਪੈ ਰਿਹਾ ਹੈ। ਰਾਧਾ ਸੋਲੰਕੀ (52) ਨੇ ਕਿਹਾ ਕਿ ਕੇਂਦਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਮੁਅੱਤਲ ਰੱਖੇ ਜਾਣ ਕਾਰਨ ਉਨ੍ਹਾਂ ਦੀਆਂ ਉਮੀਦਾਂ ਅਤੇ ਸੁਪਨੇ ਟੁੱਟ ਗਏ ਹਨ, ਜਿਨ੍ਹਾਂ ਨੇ 9 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ’ਚ ਕਦਮ ਰੱਖਿਆ ਸੀ। ਸੋਲੰਕੀ ਨੇ ਕਿਹਾ,“ਸਾਨੂੰ ਕੋਈ ਮਦਦ ਨਹੀਂ ਮਿਲੀ, ਪਾਣੀ ਅਤੇ ਬਿਜਲੀ ਵੀ ਨਹੀਂ। ਅਸੀਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ। ਸਾਡੇ ਅੰਦਰ ਹੁਣ ਕੋਈ ਰਹਿਮ ਨਹੀਂ ਬਚਿਆ, ਕਿਉਂਕਿ ਇੱਥੇ ਕਿਸੇ ਨੇ ਸਾਡੇ ’ਤੇ ਰਹਿਮ ਨਹੀਂ ਕੀਤਾ ਹੈ। ਪਿੰਜਰੇ ’ਚ ਬੰਦ ਪੰਛੀ ਹੀ ਪਿੰਜਰੇ ’ਚ ਰਹਿਣ ਦਾ ਦਰਦ ਮਹਿਸੂਸ ਕਰ ਸਕਦਾ ਹੈ।’’
ਇਹ ਵੀ ਪੜ੍ਹੋ : ਪੂਰਬੀ ਲੱਦਾਖ ਗਤੀਰੋਧ : ਭਾਰਤ ਅਤੇ ਚੀਨ ਦਰਮਿਆਨ ਚੱਲ ਰਹੀ 16ਵੇਂ ਦੌਰ ਦੀ ਫ਼ੌਜ ਵਾਰਤਾ
30 ਸਾਲਾ ਗੰਗਾ, ਜਿਸ ਦਾ ਪਤੀ ਮੋਬਾਇਲ ਕਵਰ ਦੀ ਇਕ ਦੁਕਾਨ ਚਲਾਉਂਦਾ ਹੈ ਅਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ, ਨੇ ਕਿਹਾ ਕਿ ਮਦਦ ਲਈ ਉਸ ਦੀਆਂ ਸਾਰੀਆਂ ਅਪੀਲਾਂ ਅਣ-ਸੁਣੀਆਂ ਕਰ ਦਿੱਤੀਆਂ ਗਈਆਂ। ਸ਼ਰਨਾਰਥੀਆਂ ਦੀ ਨਾਗਰਿਕਤਾ ਦੇ ਮੁੱਦੇ ਬਾਰੇ ਮਨੁੱਖੀ ਅਧਿਕਾਰ ਵਰਕਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀ. ਏ. ਏ.) ਰਾਹੀਂ ਸ਼ਰਨਾਰਥੀਆਂ ਨੂੰ ਨਾਗਰਿਕ ਦਾ ਦਰਜਾ ਦੇਣ ਦੀ ਕੋਈ ਲੋੜ ਨਹੀਂ ਹੈ। ਕ੍ਰਿਸ਼ਨਨ ਨੇ ਕਿਹਾ,“ਸ਼ਰਨਾਰਥੀਆਂ ਨੂੰ ਸੀ. ਏ. ਏ. ਲਾਗੂ ਕੀਤੇ ਬਿਨਾਂ ਵੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਤਾਂ ਫਿਰ ਸਰਕਾਰ ਅਜਿਹਾ ਕਿਉਂ ਨਹੀਂ ਕਰ ਰਹੀ? ਸ਼ਰਨਾਰਥੀਆਂ ਨੂੰ ਘੱਟੋ-ਘੱਟ ਬੁਨਿਆਦੀ ਸਹੂਲਤਾਂ ਅਤੇ ਸ਼ਰਨਾਰਥੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਇਸ ਦੇ ਹੱਕਦਾਰ ਹਨ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ