ਪਾਕਿਸਤਾਨ ਨੇ ਕੁਪਵਾੜਾ ''ਚ ਕੀਤੀ ਜੰਗਬੰਦੀ ਦੀ ਉਲੰਘਣਾ
Friday, Jun 19, 2020 - 11:45 PM (IST)
ਸ਼੍ਰੀਨਗਰ - ਪਾਕਿਸਤਾਨੀ ਫ਼ੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ 'ਚ ਕੰਟਰੋਲ ਲਾਈਨ 'ਤੇ ਭਾਰੀ ਗੋਲੀਬਾਰੀ ਕੀਤੀ।
ਰੱਖਿਆ ਮੰਤਰਾਲਾ ਦੇ ਬੁਲਾਰਾ ਕਰਨਲ ਰਾਜੇਸ਼ ਕਾਲਿਆ ਨੇ ਯੂ.ਐੱਨ.ਆਈ. ਨੂੰ ਦੱਸਿਆ ਕਿ ਪਾਕਿਸਤਾਨ ਫ਼ੌਜ ਨੇ ਸ਼ੁੱਕਰਵਾਰ ਸ਼ਾਮ ਤੰਗਧਾਰ ਸੈਕਟਰ 'ਚ ਫ਼ੌਜ ਦੀਆਂ ਅਗਰਿਮ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਕਰਨਲ ਕਾਲਿਆ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਵੀ ਪਾਕਿਸਤਾਨੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿੰਦੇ ਹੋਏ ਕਾਰਵਾਈ ਕੀਤੀ। ਅੰਤਮ ਰਿਪੋਟਰ ਮਿਲਣ ਤੱਕ ਗੋਲੀਬਾਰੀ ਜਾਰੀ ਸੀ। ਗੋਲੀਬਾਰੀ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਉੱਤਰੀ ਕਸ਼ਮੀਰ 'ਚ ਪਿਛਲੇ 11 ਦਿਨਾਂ ਦੌਰਾਨ ਪਾਕਿਸਤਾਨ ਨੇ 9ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ ਹੈ। ਫ਼ੌਜ ਦੀ 15ਵੀਂ ਕੋਰ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ ਲੈਫਟਿਨੇਂਟ ਜਨਰਲ ਬੀ.ਐੱਸ. ਰਾਜੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਲਈ ਪਾਕਿਸਤਾਨੀ ਫ਼ੌਜ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ।
ਲੈਫਟਿਨੇਂਟ ਜਨਰਲ ਰਾਜੂ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਣ ਲਈ ਕੰਟਰੋਲ ਲਾਈਨ 'ਤੇ ਪੂਰੀ ਤਰ੍ਹਾਂ ਚੌਕਸ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਵੱਡੀ ਗਿਣਤੀ 'ਚ ਅੱਤਵਾਦੀ ਮੌਜੂਦ ਹਨ ਜੋ ਭਾਰਤੀ ਸਰਹੱਦ 'ਚ ਘੁਸਪੈਠ ਕਰਣ ਦੀ ਕੋਸ਼ਿਸ਼ 'ਚ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 2019 'ਚ ਜੰਮੂ-ਕਸ਼ਮੀਰ 'ਚ ਕੰਟਰੋਲ ਲਾਈਨ 'ਤੇ 3200 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ।