ਪਾਕਿਸਤਾਨ ਵਿਦੇਸ਼ੀ ਅੱਤਵਾਦੀਆਂ ਨੂੰ ਭੇਜ ਰਿਹੈ ਜੰਮੂ ਕਸ਼ਮੀਰ : ਮਨੋਜ ਸਿਨਹਾ

Thursday, Aug 15, 2024 - 02:36 PM (IST)

ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਵਿਦੇਸ਼ੀ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਭੇਜ ਰਿਹਾ ਹੈ ਕਿਉਂਕਿ ਉਹ ਸਥਾਨਕ ਤੌਰ 'ਤੇ ਭਰਤੀ ਕੀਤੇ ਗਏ ਅੱਤਵਾਦੀਆਂ ਦੀ ਗਿਣਤੀ ਵਿਚ ਕਮੀ ਅਤੇ ਲੋਕਤੰਤਰ ਵਿਚ ਲੋਕਾਂ ਦੇ ਵਧਦੇ ਵਿਸ਼ਵਾਸ ਤੋਂ ਨਿਰਾਸ਼ ਹੈ, ਜੋ ਇੱਥੇ ਲੋਕ ਸਭਾ ਚੋਣਾਂ ਦੌਰਾਨ ਰਿਕਾਰਡ ਵੋਟਿੰਗ ਤੋਂ ਨਜ਼ਰ ਆਉਂਦਾ ਹੈ। ਸਿਨਹਾ ਨੇ ਇੱਥੇ ਬਖਸ਼ੀ ਸਟੇਡੀਅਮ 'ਚ ਆਜ਼ਾਦੀ ਦਿਹਾੜੇ ਭਾਸ਼ਣ 'ਚ ਕਿਹਾ,“ਪਿਛਲੇ ਕੁਝ ਸਾਲਾਂ 'ਚ ਅੱਤਵਾਦ 'ਚ ਮਹੱਤਵਪੂਰਨ ਗਿਰਾਵਟ ਆਈ ਹੈ।'' ਉਨ੍ਹਾਂ ਕਿਹਾ,“ਇੱਥੇ ਕਿਸੇ ਵੀ ਅੱਤਵਾਦੀ ਸੰਗਠਨ ਦੀ ਕੋਈ ਚੋਟੀ ਦੀ ਲੀਡਰਸ਼ਿਪ ਨਹੀਂ ਬਚੀ ਹੈ। ਹੜਤਾਲ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਿਤ ਰਹਿ ਗਈਆਂ ਹਨ। ਸਾਡਾ ਗੁਆਂਢੀ ਦੇਸ਼ ਅੱਤਵਾਦੀ ਸੰਗਠਨਾਂ 'ਚ ਸਥਾਨਕ ਪੱਧਰ 'ਤੇ ਭਰਤੀ 'ਚ ਕਮੀ ਅਤੇ ਲੋਕਤੰਤਰ 'ਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ​​ਹੋਣ ਕਾਰਨ ਨਿਰਾਸ਼ ਹੈ।'' ਸਿਨਹਾ ਨੇ ਕਿਹਾ,''ਜੋ ਦੇਸ਼ ਆਪਣੇ ਨਾਗਰਿਕਾਂ ਨੂੰ ਦੋ ਸਮੇਂ ਦੀ ਰੋਟੀ ਦੇਣ ਵਰਗੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਅਸਮਰੱਥ ਹੈ, ਉਹ ਅਸਥਿਰਤਾ ਪੈਦਾ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਵਿਦੇਸ਼ੀ ਅੱਤਵਾਦੀਆਂ ਨੂੰ ਇੱਥੇ ਭੇਜ ਰਿਹਾ ਹੈ।'' ਉਪ ਰਾਜਪਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਜੰਮੂ ਖੇਤਰ 'ਚ ਕੁਝ ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ 'ਚ ਕਈ ਸੁਰੱਖਿਆ ਕਰਮਚਾਰੀ ਅਤੇ ਨਾਗਰਿਕ ਆਪਣੀ ਜਾਨ ਗੁਆ ​​ਚੁੱਕੇ ਹਨ।

ਉਨ੍ਹਾਂ ਕਿਹਾ,"ਹਾਲ ਹੀ 'ਚ ਜੰਮੂ ਖੇਤਰ 'ਚ ਕੁਝ ਮੰਦਭਾਗੀ ਘਟਨਾਵਾਂ ਹੋਈਆਂ ਹਨ, ਜਿਸ 'ਚ ਅਸੀਂ ਬਹਾਦਰ ਅਫਸਰਾਂ, ਸੈਨਿਕਾਂ ਅਤੇ ਕੁਝ ਨਾਗਰਿਕਾਂ ਨੂੰ ਗੁਆ ਦਿੱਤਾ ਹੈ। ਮੈਂ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਹਾਂ। ਸਾਨੂੰ ਸੁਰੱਖਿਆ ਫ਼ੋਰਸਾਂ ਦੀ ਹਿੰਮਤ ਅਤੇ ਦੇਸ਼ ਭਗਤੀ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ (ਅੱਤਵਾਦ ਨਾਲ ਨਜਿੱਠਣ ਲਈ) ਪੂਰੀ ਛੋਟ ਦਿੱਤੀ ਗਈ ਹੈ।'' ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਜਲਦੀ ਹੀ ਅਜਿਹੀਆਂ ਘਟਨਾਵਾਂ ਨੂੰ ਰੋਕ ਦੇਵੇਗਾ। ਉਨ੍ਹਾਂ ਕਿਹਾ,"ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜਲਦੀ ਹੀ ਅਜਿਹੀਆਂ ਘਟਨਾਵਾਂ 'ਤੇ ਕਾਬੂ ਪਾ ਲਵਾਂਗੇ ਅਤੇ ਅਸੀਂ ਗੁਆਂਢੀ ਦੇਸ਼ ਦੇ ਨਾਪਾਕ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।" ਸਿਨਹਾ ਨੇ ਕਿਹਾ,''ਜੰਮੂ ਦੇ ਲੋਕਾਂ ਨੇ ਕਦੇ ਅੱਤਵਾਦ ਦਾ ਸਮਰਥਨ ਨਹੀਂ ਕੀਤਾ ਅਤੇ ਮੈਨੂੰ ਉਮੀਦ ਹੈ ਕਿ ਲੋਕ ਅੱਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਨਗੇ।'' ਲੈਫਟੀਨੈਂਟ ਗਵਰਨਰ ਨੇ ਬਹਾਦਰੀ ਜਾਂ ਸ਼ਾਨਦਾਰ ਸੇਵਾਵਾਂ ਲਈ ਪੰਜ ਸ਼ੌਰਿਆ ਚੱਕਰ ਸਮੇਤ ਲਗਭਗ 60 ਮੈਡਲ ਜਿੱਤਣ ਲਈ ਜੰਮੂ-ਕਸ਼ਮੀਰ ਪੁਲਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,''ਨਸ਼ੇ ਦੀ ਤਸਕਰੀ ਅਤੇ ਅੱਤਵਾਦ ਵਿਚਾਲੇ ਸਬੰਧ ਸਾਡੇ ਲਈ ਵੱਡੀ ਚੁਣੌਤੀ ਹੈ। ਪ੍ਰਸ਼ਾਸਨ ਨੇ ਨਸ਼ਿਆਂ ਦੀ ਤਸਕਰੀ ਅਤੇ ਅੱਤਵਾਦ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਅਸੀਂ ਨਸ਼ਾ ਤਸਕਰੀ ਅਤੇ ਅੱਤਵਾਦ ਦੇ ਨੈੱਟਵਰਕ 'ਤੇ ਹਮਲਾ ਕਰ ਰਹੇ ਹਾਂ ਅਤੇ ਪ੍ਰਸ਼ਾਸਨ ਜੰਮੂ-ਕਸ਼ਮੀਰ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News