ਬਾਜ਼ ਨਹੀਂ ਆ ਰਿਹਾ ਪਾਕਿਸਤਾਨ ! ਕੁਪਵਾੜਾ ''ਚ ਫ਼ਿਰ ਤੋੜਿਆ ਸੀਜ਼ਫਾਇਰ

Saturday, Feb 21, 2026 - 05:31 PM (IST)

ਬਾਜ਼ ਨਹੀਂ ਆ ਰਿਹਾ ਪਾਕਿਸਤਾਨ ! ਕੁਪਵਾੜਾ ''ਚ ਫ਼ਿਰ ਤੋੜਿਆ ਸੀਜ਼ਫਾਇਰ

ਨੈਸ਼ਨਲ ਡੈਸਕ- ਪਾਕਿਸਤਾਨ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਜੰਗਬੰਦੀ ਦੀ ਉਲੰਘਣਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੀਆਂ ਚੌਕੀਆਂ ਤੋਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ’ਚ ਟੀ.ਐੱਮ.ਜੀ. ਵਿਖੇ ਭਾਰਤੀ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਹਾਲਾਂਕਿ ਕੁਝ ਸਮੇਂ ਬਾਅਦ ਗੋਲੀਬਾਰੀ ਬੰਦ ਹੋ ਗਈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਤੋਂ ਇਲਾਵਾ ਰਾਜੌਰੀ ਜ਼ਿਲੇ ’ਚ ਸੁੰਦਰਬਨੀ ਦੇ ਨਥੁਆ ਟਿੱਬਾ ਖੇਤਰ ’ਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਫੋਰਸਾਂ ਵੱਲੋਂ ਚਲਾਈ ਗਈ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਇਕ ਦਿਨ ਪਹਿਲਾਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਵ੍ਹਾਈਟ ਨਾਈਟ ਕੋਰ ਅਧੀਨ ਕੰਮ ਕਰਨ ਵਾਲੀ ਫੌਜ ਦੀ ‘ਕ੍ਰਾਸਡ ਸਵੋਰਡਜ਼’ ਡਿਵੀਜ਼ਨ ਨੇ ਖੇਤਰ ’ਚ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਤਲਾਸ਼ੀਆਂ ਦੀ ਮੁਹਿੰਮ ਦੌਰਾਨ ਜਵਾਨਾਂ ਨੂੰ ਅੱਤਵਾਦੀਆਂ ਦੇ ਖੂਨ ਨਾਲ ਲਿਬੜੇ ਪੈਰਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਪਤਾ ਲਗਦਾ ਹੈ ਕਿ ਘੁਸਪੈਠੀਏ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ। ਕਾਰਵਾਈ ਦੌਰਾਨ ਇਕ ਏ. ਕੇ. -47 ਰਾਈਫਲ, ਦੋ ਮੈਗਜ਼ੀਨ, ਕੰਬਲ, ਰਾਸ਼ਨ , ਕੱਪੜੇ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।

ਸੁਰੱਖਿਆ ਫੋਰਸਾਂ ਨੇ ਇਲਾਕੇ ’ਚ ਵਿਆਪਕ ਚੌਕਸੀ ਬਣਾਈ ਰੱਖਣ ਲਈ ਜ਼ਮੀਨੀ ਤੇ ਹਵਾਈ ਨਿਗਰਾਨੀ ਨੂੰ ਮਜ਼ਬੂਤ ​​ਕਰ ਦਿੱਤਾ ਹੈ। ਪੂਰੇ ਸੈਕਟਰ ’ਚ ਇੱਕ ਉੱਚ ਪੱਧਰੀ ਸੰਚਾਲਨ ਅਲਰਟ ਜਾਰੀ ਕੀਤਾ ਗਿਆ ਹੈ। ਕਿਸੇ ਵੀ ਸੰਭਾਵੀ ਘੁਸਪੈਠ ਨੂੰ ਰੋਕਣ ਲਈ ਕਾਰਵਾਈਆਂ ਜਾਰੀ ਹਨ।


author

Harpreet SIngh

Content Editor

Related News