ਚੀਨ ਤੋਂ ਖਰੀਦੇ ਲੜਾਕੂ ਜਹਾਜ਼ਾਂ ਨੂੰ ਪਾਕਿ ਨੇ ਭਾਰਤ ਨਾਲ ਲੱਗਦੀ ਸਰਹੱਦ ''ਤੇ ਕੀਤਾ ਤਾਇਨਾਤ

Monday, Jul 09, 2018 - 09:32 PM (IST)

ਚੀਨ ਤੋਂ ਖਰੀਦੇ ਲੜਾਕੂ ਜਹਾਜ਼ਾਂ ਨੂੰ ਪਾਕਿ ਨੇ ਭਾਰਤ ਨਾਲ ਲੱਗਦੀ ਸਰਹੱਦ ''ਤੇ ਕੀਤਾ ਤਾਇਨਾਤ

ਨਵੀਂ ਦਿੱਲੀ— ਕਾਫੀ ਅਰਸਿਆਂ ਬਾਅਦ ਪਾਕਿਸਤਾਨ ਦੁਬਾਰਾ ਗੁਜਰਾਤ ਦੇ ਕੱਛ ਇਲਾਕੇ ਨਾਲ ਲੱਗਦੀ ਸਰਹੱਦ 'ਤੇ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਅਸਲ 'ਚ ਪਾਕਿਸਤਾਨ ਨੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲੇ ਦੇ ਭੋਲਾਰੀ 'ਚ ਇਕ ਆਧੁਨਿਕ ਫੌਜੀ ਹਵਾਈ ਅੱਡਾ ਵਿਕਸਿਤ ਕੀਤਾ ਹੈ। ਇਸ ਹਵਾਈ ਖੇਤਰ 'ਚ ਪਾਕਿਸਤਾਨ ਦੀ ਹਵਾਈ ਫੌਜ ਚੀਨ ਤੋਂ ਮਿਲੇ ਜੇ.ਐੱਫ.-17 ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰਨ ਜਾ ਰਹੀ ਹੈ।
ਸੂਤਰਾਂ ਦੇ ਮੁਤਾਬਕ ਇਹ ਹਵਾਈ ਖੇਤਰ ਪਹਿਲਾਂ ਤੋਂ ਮੌਜੂਦ ਸੀ ਪਰ ਹਾਲ 'ਚ ਇਸ ਦੀ ਵਰਤੋਂ ਲੜਾਕੂ ਜਹਾਜ਼ਾਂ ਲਈ ਹੋਣ ਲੱਗੀ ਹੈ। ਆਪਣੀ ਪੂਰਬੀ ਸਰਹੱਦ 'ਤੇ ਭਾਰਤੀ ਹਵਾਈ ਫੌਜ ਦੀ ਤਾਕਤ ਦਾ ਮੁਕਾਬਲਾ ਕਰਨ ਲਈ ਪਾਕਿਸਤਾਨੀ ਹਵਾਈ ਫੌਜ ਵੱਡੀ ਗਿਣਤੀ 'ਚ ਚੀਨ 'ਚ ਬਣੇ ਜੇ.ਐੱਫ.-17 ਜਹਾਜ਼ ਸ਼ਾਮਲ ਕਰ ਰਹੀ ਹੈ। ਪਾਕਿਸਤਾਨ ਦੇ ਹੈਦਰਾਬਾਦ ਬੇਸ ਤੋਂ ਕੁਝ ਦੂਰ ਪਾਕਿਸਤਾਨੀ ਮਰੀਨ ਦੇ ਐੱਸ.ਐੱਸ.ਜੀ. ਕਮਾਂਡੋਜ਼ ਨੇ ਆਪਣਾ ਬੇਸ ਤਿਆਰ ਕੀਤਾ ਹੈ, ਜਿਥੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਸਮੁੰਦਰੀ ਰਸਤੇ ਤੋਂ ਹਮਲਾ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਪਾਕਿਸਤਾਨ ਵਲੋਂ ਇਸ ਵਿਸਥਾਰ ਨੂੰ ਦੇਖਦੇ ਹੋਏ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਗੁਜਰਾਤ ਦੇ ਦੀਸਾ 'ਚ ਨਵੇਂ ਹਵਾਈ ਖੇਤਰ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਹਵਾਈ ਖੇਤਰ ਨਾਲ ਪਾਕਿਸਤਾਨ ਵਲੋਂ ਹੋਣ ਵਾਲੇ ਖਤਰੇ ਦਾ ਮੁਕਾਬਲਾ ਕੀਤਾ ਜਾ ਸਕੇਗਾ ਪਰ ਇਸ ਦਾ ਨਿਰਮਾਣ ਹੋਣ 'ਚ ਤਿੰਨ ਤੋਂ ਚਾਰ ਸਾਲ ਲੱਗਣਗੇ। ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਇਸੇ ਸਾਲ ਹਵਾਈ ਇਸ ਹਵਾਈ ਖੇਤਰ ਨੂੰ ਮਨਜ਼ੂਰੀ ਦਿੱਤੀ ਸੀ।
ਪਾਕਿਸਤਾਨੀ ਹਵਾਈ ਫੌਜ ਨੇ ਪਿਛਲੇ ਸਾਲ ਹੀ 16 ਨਵੇਂ ਜੇ.ਐੱਫ.-17 ਥੰਡਰ ਜੈੱਟ ਜਹਾਜ਼ ਸ਼ਾਮਲ ਕੀਤੇ ਸਨ। ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਪਾਕਿਸਤਾਨ ਨੇ ਚੀਨ ਦੇ ਨਾਲ ਮਿਲ ਕੇ ਬਣਾਇਆ ਹੈ। ਪਾਕਿਸਤਾਨ 'ਚ ਪਹਿਲਾਂ ਤੋਂ 70 ਤੋਂ ਜ਼ਿਆਦਾ ਜੇ.ਐੱਫ.-17 ਥੰਡਰ ਜੈੱਟ ਹਨ। ਜੇ.ਐੱਫ.-17 ਲੜਾਕੂ ਜਹਾਜ਼ ਭਾਰਤ 'ਚ ਬਣੇ ਲੜਾਕੂ ਜਹਾਜ਼ ਤੇਜਸ ਵਾਂਗ ਹੀ ਲਾਈਟ ਕੰਬੇਟ ਜੈੱਟ ਹੈ।


Related News