''ਪਦਮਾਵੱਤ'' ਵਿਵਾਦ ਦੇਸ਼ ''ਚ ਰੋਜ਼ਗਾਰ ਲਈ ਘਾਤਕ- ਕੇਜਰੀਵਾਲ
Wednesday, Jan 24, 2018 - 05:58 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਜੇ ਲੀਲਾ ਭੰਸਾਲੀ ਦੀ ਬਹੁਚਰਚਿਤ ਫਿਲਮ 'ਪਦਮਾਵੱਤ' ਨੂੰ ਲੈ ਕੇ ਉਠੇ ਵਿਵਾਦ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ 'ਚ ਪ੍ਰਸ਼ਾਸਨ ਦੀ ਨਾਕਾਮੀ ਨੂੰ ਦੇਸ਼ 'ਚ ਨਿਵੇਸ਼ ਅਤੇ ਰੋਜ਼ਗਾਰ ਲਈ ਘਾਤਕ ਦੱਸਿਆ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੇਂਦਰ, ਰਾਜ ਸਰਕਾਰਾਂ ਅਤੇ ਸੁਪਰੀਮ ਕੋਰਟ ਦੇ ਨਾਲ ਪੂਰੀ ਮਸ਼ੀਨਰੀ ਜੇਕਰ ਇਕ ਫਿਲਮ ਦੀ ਰਿਲੀਜ਼ ਵੀ ਯਕੀਨੀ ਨਹੀਂ ਕਰ ਪਾ ਰਹੀ ਹੈ ਤਾਂ ਅਜਿਹੇ 'ਚ ਦੇਸ਼ 'ਚ ਨਿਵੇਸ਼ ਦੀ ਆਸ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਗੱਲ ਤਾਂ ਦੂਰ ਹੈ ਘਰੇਲੂ ਨਿਵੇਸ਼ਕ ਵੀ ਨਿਵੇਸ਼ ਤੋਂ ਘਬਰਾਉਣਗੇ। ਇਹ ਦੇਸ਼ ਦੀ ਕਮਜ਼ੋਰ ਹੁੰਦੀ ਅਰਥਵਿਵਸਥਾ ਲਈ ਵੀ ਅਹਿੱਤਕਾਰ ਹੈ। ਇਸ ਨਾਲ ਦੇਸ਼ 'ਚ ਰੋਜ਼ਗਾਰ ਦੇ ਮੌਕੇ ਵੀ ਘਟਣਗੇ।
ਮੁੱਖ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕਰਣੀ ਸੈਨਾ ਨੇ ਮੰਗਲਵਾਰ ਨੂੰ 'ਪਦਮਾਵੱਤ' ਦੇ ਰਿਲੀਜ਼ ਹੋਣ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦੀ ਉਲੰਘਣਾ ਕਰਨ ਦਾ ਐਲਾਨ ਕਰਦੇ ਹੋਏ ਜਨਤਾ ਕਰਫਿਊ ਦੀ ਅਪੀਲ ਕੀਤੀ ਹੈ। ਫਿਲਮ ਦੇ ਵਿਰੋਧ 'ਚ ਕੁਝ ਥਾਂਵਾਂ 'ਤੇ ਹਿੰਸਾ ਅਤੇ ਆਗਜਨੀ ਦੀਆਂ ਘਟਨਾਵਾਂ ਵੀ ਹੋ ਰਹੀਆਂ ਹਨ। ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਅਭਿਨੀਤ ਇਹ ਫਿਲਮ ਕਾਫੀ ਵਿਵਾਦ 'ਚ ਉਲਝਣ ਤੋਂ ਬਾਅਦ ਆਖਰਕਾਰ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਕਰਣੀ ਸੈਨਾ ਦਾ ਦੋਸ਼ ਹੈ ਕਿ ਫਿਲਮ 'ਚ ਰਾਣੀ 'ਪਦਮਾਵੱਤੀ' ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਰਾਜਪੂਤਾਂ ਦੀਆਂ ਭਾਵਨਾਵਾਂ ਦੁਖੀ ਹੋਈਆਂ ਹਨ। ਹਾਲਾਂਕਿ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ 'ਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਇਹ ਫਿਲਮ ਪਹਿਲਾਂ ਇਕ ਦਸੰਬਰ 2017 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕਰਣੀ ਸੈਨਾ ਦੇ ਵਿਰੋਧ ਅਤੇ ਸੈਂਸਰ ਬੋਰਡ ਦੀ ਕੁਝ ਨਾਰਾਜ਼ਗੀ ਕਾਰਨ ਇਸ ਦੇ ਰਿਲੀਜ਼ 'ਚ ਦੇਰੀ ਹੋਈ। ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ਗਿਆ ਸੀ, ਜਿਸ ਨੇ ਫਿਲਮ ਦੇ ਪ੍ਰਦਰਸ਼ਨ ਨੂੰ ਹਰੀ ਝੰਡੀ ਦੇ ਦਿੱਤੀ।