ਆਤਿਸ਼ੀ ਵੀਡੀਓ ਵਿਵਾਦ: DGP ਪੰਜਾਬ ਤੇ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਨੋਟਿਸ ਜਾਰੀ
Saturday, Jan 10, 2026 - 01:12 PM (IST)
ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ 'ਆਪ' ਵਿਧਾਇਕ ਆਤਿਸ਼ੀ ਮਾਰਲੇਨਾ ਦੇ ਇੱਕ ਵਿਵਾਦਤ ਵੀਡੀਓ ਨੂੰ ਲੈ ਕੇ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਡੀਜੀਪੀ, ਸਾਈਬਰ ਕਰਾਈਮ ਦੇ ਸਪੈਸ਼ਲ ਡੀਜੀਪੀ ਅਤੇ ਜਲੰਧਰ ਦੀ ਪੁਲਸ ਨੂੰ ਨੋਟਿਸ ਜਾਰੀ ਕਰਦਿਆਂ 48 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਹੈ।
ਜਾਣਕਾਰੀ ਮੁਤਾਬਕ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਇੱਕ ਚਰਚਾ ਚੱਲ ਰਹੀ ਸੀ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਆਤਿਸ਼ੀ ਨੇ ਸਿੱਖ ਗੁਰੂਆਂ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤੀ। 7 ਜਨਵਰੀ ਨੂੰ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਜਦੋਂ ਸਦਨ ਗੁਰੂਆਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ, ਤਾਂ ਆਤਿਸ਼ੀ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਹਾਲਾਂਕਿ, ਆਤਿਸ਼ੀ ਨੇ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ।
ਵੀਡੀਓ ਵਿਵਾਦ ਵੱਧਣ ਪਿੱਛੋਂ ਜਲੰਧਰ ਪੁਲਸ ਨੇ ਇੱਕ ਸ਼ਿਕਾਇਤ ਦੇ ਆਧਾਰ 'ਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਮੁਤਾਬਕ, ਮੋਹਾਲੀ ਦੀ ਫੋਰੈਂਸਿਕ ਲੈਬ ਵਿੱਚ ਵੀਡੀਓ ਦੀ ਜਾਂਚ ਕਰਵਾਈ ਗਈ, ਜਿਸ ਵਿੱਚ ਸਪੱਸ਼ਟ ਹੋਇਆ ਹੈ ਕਿ ਆਤਿਸ਼ੀ ਨੇ ਕਿਤੇ ਵੀ 'ਗੁਰੂ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਅਤੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ।
ਇਸ ਐੱਫ. ਆਈ. ਆਰ. ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਪੁਲਸ ਦੀ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਦੀ ਰਿਕਾਰਡਿੰਗ ਵਿਧਾਨ ਸਭਾ ਦੀ ਜਾਇਦਾਦ ਹੈ ਅਤੇ ਇਸ 'ਤੇ ਦੂਜੇ ਸੂਬੇ ਦੀ ਪੁਲਿਸ ਵੱਲੋਂ ਐੱਫ. ਆਈ. ਆਰ. ਦਰਜ ਕਰਨਾ 'ਵਿਸ਼ੇਸ਼ ਅਧਿਕਾਰ ਹੰਨਣ' ਦਾ ਮਾਮਲਾ ਹੈ। ਇਸ ਸੰਬੰਧੀ ਜਲੰਧਰ ਪੁਲਸ ਕਮਿਸ਼ਨਰ ਨੇ ਸਦਨ ਦੀ ਜਾਇਦਾਦ ਨਾਲ ਗਲਤ ਦਖਲਅੰਦਾਜ਼ੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਪਿੱਛੋਂ ਮਾਮਲੇ ਉੱਤੇ ਵਿਧਾਇਕ ਕਪਿਲ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਦੀ ਪੁਲਸ ਉਨ੍ਹਾਂ ਨੂੰ ਡਰਾ ਨਹੀਂ ਸਕਦੀ ਅਤੇ ਸਾਰੀ ਦੁਨੀਆ ਨੇ ਉਹ ਵੀਡੀਓ ਸੁਣੀ ਹੈ।
ਹੁਣ ਤਕ ਇਸ ਮਾਮਲੇ ਵਿੱਚ ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਆਤਿਸ਼ੀ ਦੇ ਕਥਿਤ ਬਿਆਨ ਦੀ ਨਿੰਦਾ ਕੀਤੀ ਅਤੇ ਉਸ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਤਿਸ਼ੀ 'ਤੇ ਨਿਸ਼ਾਨਾ ਸਾਧਦਿਆਂ ਉਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਆਤਿਸ਼ੀ ਨੂੰ ਬਚਾਉਣ ਲਈ ਉਨ੍ਹਾਂ ਦੇ ਨੇਤਾਵਾਂ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ 'ਤੇ ਵੀ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਇਹ ਮਾਮਲਾ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿੱਚ ਗਰਮਾਈ ਹੋਈ ਹੈ।
