ਅਕਾਲੀਆਂ ਦੀ ਸਰਕਾਰ ਸਮੇਂ ਨਸ਼ਾ ਘਰ-ਘਰ ਪਹੁੰਚਾਇਆ ਗਿਆ : ਕੇਜਰੀਵਾਲ (ਵੀਡੀਓ)

Wednesday, Jan 07, 2026 - 04:48 PM (IST)

ਅਕਾਲੀਆਂ ਦੀ ਸਰਕਾਰ ਸਮੇਂ ਨਸ਼ਾ ਘਰ-ਘਰ ਪਹੁੰਚਾਇਆ ਗਿਆ : ਕੇਜਰੀਵਾਲ (ਵੀਡੀਓ)

ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਦੇ ਪਹਿਲੇ ਪੜਾਅ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ 'ਚ ਨਸ਼ਿਆਂ ਖ਼ਿਲਾਫ਼ ਅਜਿਹਾ ਯੁੱਧ ਕਦੇ ਨਹੀਂ ਸ਼ੁਰੂ ਕੀਤਾ ਗਿਆ। ਕੇਜਰੀਵਾਲ ਨੇ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੀ ਗਲੀ-ਗਲੀ ਅਤੇ ਘਰ-ਘਰ ਨਸ਼ਾ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...

ਉਸੇ ਦੌਰਾਨ 'ਉੜਤਾ ਪੰਜਾਬ' ਫਿਲਮ ਬਣਾਈ ਗਈ ਸੀ। ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਨਸ਼ਾ ਵੇਚਣ 'ਚ ਸ਼ਾਮਲ ਸਨ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਪਰ 5 ਸਾਲਾਂ ਦੀ ਸਰਕਾਰ ਬਣਨ ਦੇ ਬਾਅਦ ਵੀ ਉਨ੍ਹਾਂ ਨੇ ਕੁੱਝ ਨਹੀਂ ਕੀਤਾ। ਇਸ ਤੋਂ ਬਾਅਦ ਸਾਡੀ ਸਰਕਾਰ ਆਈ, ਸਾਨੂੰ ਥੋੜ੍ਹਾ ਸਮਾਂ ਲੱਗਾ ਪਰ ਪਿਛਲੇ ਸਾਲ ਤੋਂ ਅਸੀਂ ਸ਼ਿੱਦਤ ਨਾਲ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਲੋਕਾਂ ਨੇ ਸਮਝਾਇਆ ਵੀ ਕਿ ਨਸ਼ਾ ਤਸਕਰ ਤੁਹਾਡੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਪਰ ਅਸੀਂ ਨਸ਼ਾ ਖ਼ਤਮ ਦੀ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਇਕ ਸਾਲ ਅੰਦਰ 28 ਹਜ਼ਾਰ ਕੇਸ ਨਸ਼ਾ ਤਸਕਰਾਂ ਖ਼ਿਲਾਫ਼ ਦਾਇਰ ਕੀਤੇ ਗਏ। ਇੰਨੇ ਵੱਡੇ ਪੱਧਰ 'ਤੇ ਕਿਸੇ ਸੂਬੇ ਅੰਦਰ ਇੰਨੇ ਕੇਸ ਦਾਇਰ ਨਹੀਂ ਕੀਤੇ ਗਏ ਅਤੇ ਇਹ ਫਰਜ਼ੀ ਕੇਸ ਨਹੀਂ ਹਨ। ਜਦੋਂ ਅਦਾਲਤ 'ਚ ਇਹ ਕੇਸ ਗਏ ਤਾਂ ਇਨ੍ਹਾਂ 'ਚੋਂ 88 ਫ਼ੀਸਦੀ ਕੇਸਾਂ 'ਚ ਵਿਅਕਤੀਆਂ ਨੂੰ ਜੇਲ੍ਹ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਈਆਂ ਰੱਦ! ਪੜ੍ਹੋ ਪੂਰੀ ਖ਼ਬਰ

ਇਸ ਤੋਂ ਇਲਾਵਾ 22 ਹਜ਼ਾਰ ਤਸਕਰਾਂ 'ਚੋਂ 350 ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਗਿਆ। ਜੋ ਇਨ੍ਹਾਂ ਨੇ ਵੱਡੇ-ਵੱਡੇ ਮਹਿਲ ਅਤੇ ਪ੍ਰਾਪਰਟੀਆਂ ਬਣਾ ਰੱਖੀਆਂ ਸਨ, ਪਹਿਲੀ ਵਾਰ ਬੁਲਡੋਜ਼ਰ ਨਾਲ ਉਨ੍ਹਾਂ ਦੀਆਂ ਪ੍ਰਾਪਰਟੀਆਂ ਢਾਹੀਆਂ ਗਈਆਂ ਅਤੇ ਅਜੇ ਵੀ ਇਹ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਮਜੀਠੀਆ ਦਾ ਨਾਂ ਲਏ ਬਗੈਰ ਕਿਹਾ ਕਿ ਜਿਸ ਦਾ ਨਾਂ ਲੈਣ ਤੋਂ ਵੀ ਪ੍ਰਸ਼ਾਸਨ ਅਤੇ ਲੋਕ ਕੰਬਦੇ ਸਨ, ਉਸ ਨੂੰ ਫੜ੍ਹ ਕੇ ਜੇਲ੍ਹ 'ਚ ਪਾ ਦਿੱਤਾ। ਪੁਲਸ ਅਤੇ ਵੱਡੇ-ਵੱਡੇ ਆਗੂ ਉਸ ਤੋਂ ਡਰਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੀ ਹਿੰਮਤ ਕਰਕੇ ਉਸ ਨੂੰ ਜੇਲ੍ਹ ਅੰਦਰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਾਡਾ ਸਭ ਤੋਂ ਵੱਡਾ ਚੈਲੰਜ ਜਨਤਾ ਦਾ ਵਿਸ਼ਵਾਸ ਜਿੱਤਣਾ ਸੀ। ਉਨ੍ਹਾਂ ਕਿਹਾ ਕਿ ਹੁਣ ਡੇਢ ਲੱਖ ਵਲੰਟੀਅਰ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਅਤੇ ਇਨ੍ਹਾਂ ਦੀ ਟ੍ਰੇਨਿੰਗ ਹੋਈ ਹੈ। ਇਹ ਲੋਕ ਆਪਣੇ-ਆਪਣੇ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਇਹ ਡੇਢ ਲੱਖ ਲੋਕਾਂ ਦੀ 13 ਫਰਵਰੀ ਨੂੰ ਇਕ ਸ਼ਾਨਦਾਰ ਵੱਡੀ ਸਭਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 10 ਜਨਵਰੀ ਤੋਂ 30 ਜਨਵਰੀ ਵਿਚਕਾਰ ਪੰਜਾਬ ਦੀ ਹਰ ਗਲੀ, ਹਰ ਨੁੱਕੜ ਅਤੇ ਹਰ ਪਿੰਡ 'ਚ ਪੈਦਲ ਯਾਤਰਾ ਕੱਢੀ ਜਾਵੇਗੀ ਅਤੇ ਲੋਕਾਂ ਨੂੰ ਇਸ 'ਚ ਸ਼ਾਮਲ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News