ਧੋਖਾਧੜੀ ਦੇ ਦੋਸ਼ ''ਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਵਪਾਰੀ ਗ੍ਰਿਫ਼ਤਾਰ

Tuesday, Aug 06, 2024 - 05:38 PM (IST)

ਤ੍ਰਿਸ਼ੂਰ (ਭਾਸ਼ਾ)- ਕੇਰਲ ਦੇ ਵਪਾਰੀ ਅਤੇ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਸੁੰਦਰ ਸੀ ਮੇਨਨ ਨੂੰ ਧੋਖਾਧੜੀ ਦੀਆਂ ਸ਼ਿਕਾਇਤਾਂ 'ਤੇ ਤ੍ਰਿਸ਼ੂਰ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੂੰ ਐਤਵਾਰ ਨੂੰ ਰਾਜ ਪੁਲਸ ਦੀ ਜ਼ਿਲ੍ਹਾ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਅਤੇ ਸਥਾਨਕ ਅਦਾਲਤ 'ਚ ਪੇਸ਼ ਕੀਤਾ, ਜਿਸ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਅਨੁਸਾਰ, ਸਾਲ 2016 'ਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤੇ ਗਏ ਮੇਨਨ 'ਤੇ 2 ਕੰਪਨੀਆਂ ਦੇ ਨਾਂ 'ਤੇ ਲੋਕਾਂ ਤੋਂ ਧਨ ਰਾਸ਼ੀ ਲੈਣ ਦੇ ਸੰਬੰਧ 'ਚ ਵਿੱਤੀ ਧੋਖਾਧੜੀ ਦੇ 18 ਮਾਮਲੇ ਦਰਜ ਹਨ। ਇਨ੍ਹਾਂ ਕੰਪਨੀਆਂ 'ਚੋਂ ਇਕ 'ਚ ਉਹ ਡਾਇਰੈਕਟਰ ਹੈ। 

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਲੋਕਾਂ ਤੋਂ 7.78 ਕਰੋੜ ਰੁਪਏ ਲਏ ਪਰ ਯੋਜਨਾਵਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਧਨ ਰਾਸ਼ੀ ਵਾਪਸ ਨਹੀਂ ਕੀਤੀ। ਪੁਲਸ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਦੋਸ਼ੀ ਨੇ 62 ਤੋਂ ਵੱਧ ਨਿਵੇਸ਼ਕਾਂ ਤੋਂ ਜਮ੍ਹਾ ਰਾਸ਼ੀ ਲਈ ਅਤੇ ਮਿਆਦ ਪੂਰੀ ਹੋਣ ਤੋਂ ਬਾਅਦ ਜਮ੍ਹਾ ਰਾਸ਼ੀ ਵਾਪਸ ਨਹੀਂ ਰਕ ਕੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਮਾਪਦੰਡਾਂ ਦੀ ਉਲੰਘਣਾ ਅਤੇ ਧੋਖਾਧੜੀ ਕੀਤੀ। ਇਸ 'ਚ ਕਿਹਾ ਗਿਆ,''ਇੱਥੇ ਪੱਛਮ ਪੁਲਸ ਥਾਣੇ 'ਚ ਦੋਸ਼ੀ ਖ਼ਿਲਾਫ਼ 18 ਮਾਮਲੇ ਦਰਜ ਕੀਤੇ ਗਏ ਸਨ।'' ਬਿਆਨ 'ਚ ਕਿਹਾ ਗਿਆ ਕਿ ਬਾਅਦ 'ਚ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਕਿਹਾ ਕਿ ਬੀਯੂਡੀਐੱਸ (ਅਨਿਯਮਿਤ ਜਮ੍ਹਾ ਯੋਜਨਾ ਪਾਬੰਦੀ) ਐਕਟ ਅਨੁਸਾਰ ਮੇਨਨ ਅਤੇ ਕੰਪਨੀ ਦੇ ਹੋਰ ਨਿਵੇਸ਼ਕਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਕੁਰਕ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੇਨਨ (63) ਤਿਰੂਵਮਬਦੀ ਦੇਵਸਵੋਮ ਦੇ ਚੇਅਰਮੈਨ ਅਤੇ ਪ੍ਰਸਿੱਧ ਤ੍ਰਿਸ਼ੂਰ ਪੁਰਮ ਦੇ ਆਯੋਜਕਾਂ 'ਚ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News