ਦੋ ਦਿਨ ''ਚ ਰੀਵਾ ''ਚ ਲੱਗਾ ਆਕਸੀਜਨ ਪਲਾਂਟ, ਹਰ ਦਿਨ ਹੋ ਰਹੀ 100 ਸਿਲੰਡਰ ਦੀ ਰੀਫਿਲਿੰਗ
Saturday, May 01, 2021 - 09:08 PM (IST)
ਰੀਵਾ - ਕੋਰੋਨਾ ਕਾਰਨ ਆਕਸੀਜਨ ਦੀ ਘਾਟ ਨਾਲ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਇਸ ਦੌਰਾਨ ਐੱਮ.ਪੀ. ਦੇ ਰੀਵਾ ਜ਼ਿਲ੍ਹੇ ਤੋਂ ਇੱਕ ਰਾਹਤ ਦੇਣ ਵਾਲੀ ਖ਼ਬਰ ਆਈ ਹੈ। ਰੀਵਾ ਵਿੱਚ ਗੰਭੀਰ ਰੂਪ ਨਾਲ ਪੀੜਤ ਮਰੀਜ਼ਾਂ ਲਈ ਆਕਸੀਜਨ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ। ਅਧਿਕਾਰੀਆਂ ਦੀ ਟੀਮ ਨੇ ਆਪਣੀ ਤੱਤਪਰਤਾ ਤੋਂ ਸੱਤ ਦਿਨਾਂ ਦੇ ਅੰਦਰ ਉਹ ਕਰ ਵਿਖਾਇਆ ਹੈ, ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਰੀਵਾ ਸੁਪਰ ਸਪੈਸ਼ਲਿਟੀ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਨੇ ਦੋ ਦਿਨ ਦੇ ਅੰਦਰ ਆਕਸੀਜਨ ਪਲਾਂਟ ਨੂੰ ਚਾਲੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੈਕਸੀਨ ਨੂੰ ਲੈ ਕੇ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ਪਾਵਰਫੁੱਲ ਲੋਕਾਂ ਵਲੋਂ ਧਮਕੀਆਂ
ਦਰਅਸਲ, ਆਕਸੀਜਨ ਦੀ ਸਪਲਾਈ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਿਰਫ ਦੋ ਦਿਨ ਵਿੱਚ ਲਗਾਤਾਰ ਕੰਮ ਕਰਕੇ ਆਕਸੀਜਨ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਪਲਾਂਟ ਰਾਹੀਂ 29 ਅਪ੍ਰੈਲ ਤੋਂ ਨਿੱਤ 100 ਸਿਲੰਡਰਾਂ ਵਿੱਚ ਆਕਸੀਜਨ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਮੰਗ ਦੇ ਅਨੁਸਾਰ ਆਕਸੀਜਨ ਦੀ 100 ਫੀਸਦੀ ਸਪਲਾਈ ਹੋ ਜਾਵੇਗੀ। ਨਾਲ ਹੀ ਸੰਜੇ ਗਾਂਧੀ ਹਸਪਤਾਲ ਨੂੰ ਲੋੜ ਪੈਣ 'ਤੇ ਆਕਸੀਜਨ ਉਪਲੱਬਧ ਕਰਾਈ ਜਾ ਸਕੇਗੀ।
ਰੀਵਾ ਕੁਲੈਕਟਰ ਡਾ. ਇਲਿਆਰਾਜਾ ਟੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦੀ ਉਪਲਬੱਧਤਾ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਆਕਸੀਜਨ ਪਲਾਂਟ ਲਗਾਉਣ ਦੀ ਪੂਰੀ ਪ੍ਰਕਿਰਿਆ ਸਿਰਫ ਸੱਤ ਦਿਨਾਂ ਵਿੱਚ ਪੂਰੀ ਕੀਤੀ ਗਈ। ਘੱਟ ਮਿਆਦ ਦਾ ਟੈਂਡਰ ਜਾਰੀ ਕਰਕੇ ਦਿੱਲੀ ਤੋਂ ਆਕਸੀਜਨ ਪਲਾਂਟ ਬੁਲਵਾਇਆ ਗਿਆ। ਕੁਲ 89 ਲੱਖ ਰੂਪਏ ਦੀ ਲਾਗਤ ਨਾਲ ਪਲਾਂਟ ਸਥਾਪਤ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।