ਓਵੈਸੀ ਨੇ ਕਿਹਾ ਸੀ–4 ਦਾ ਬਦਲਾ 24 ਕੋਲੋਂ ਲਵਾਂਗੇ, ਰਾਜਦ 26 ’ਤੇ ਸੁੰਘੜੀ
Friday, Nov 14, 2025 - 10:52 PM (IST)
ਨੈਸ਼ਨਲ ਡੈਸਕ- ਲੱਗਭਗ 3 ਸਾਲ ਪਹਿਲਾਂ ਅਸਦੂਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਦੇ 5 ’ਚੋਂ 4 ਵਿਧਾਇਕਾਂ ਨੂੰ ਰਾਜਦ ਵਿਚ ਲਿਆਉਣ ਵਾਲੇ ਤੇਜਸਵੀ ਯਾਦਵ ਨੂੰ ਬਿਹਾਰ ਚੋਣਾਂ ’ਚ ਸੀਮਾਂਚਲ ਹੀ ਨਹੀਂ, ਪੂਰੇ ਸੂਬੇ ਵਿਚ ਤਕੜਾ ਝਟਕਾ ਲੱਗਾ ਹੈ ਅਤੇ ਰਾਜਦ ਸਿਰਫ 26 ’ਤੇ ਸੁੰਘੜ ਗਈ।
ਓਵੈਸੀ ਨੇ ਇਸ ਵਾਰ ਚੋਣ ਪ੍ਰਚਾਰ ’ਚ ਕਿਹਾ ਸੀ ਕਿ 4 ਐੱਮ. ਐੱਲ. ਏ. ਤੋੜਨ ਦਾ ਬਦਲਾ ਸੀਮਾਂਚਲ ਦੀਆਂ 24 ਸੀਟਾਂ ’ਤੇ ਲਵਾਂਗੇ। ਓਵੈਸੀ ਨੇ ਪਸ਼ੂਪਤੀ ਪਾਰਸ, ਸਵਾਮੀ ਪ੍ਰਸਾਦ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਲ ਗੱਠਜੋੜ ਵਿਚ 25 ਉਮੀਦਵਾਰ ਉਤਾਰੇ ਸਨ। ਉਨ੍ਹਾਂ ਦੇ 5 ਉਮੀਦਵਾਰ ਕਿਸ਼ਨਗੰਜ, ਅਰਰੀਆ ਅਤੇ ਪੂਰਣੀਆ ਵਿਚ ਜਿੱਤੇ ਹਨ ਅਤੇ ਇਹ 5 ਸੀਟਾਂ ਉਹੀ ਹਨ, ਜੋ ਪਾਰਟੀ 2020 ਵਿਚ ਜਿੱਤੀ ਸੀ।
ਜਿਹੜੇ 4 ਵਿਧਾਇਕ ਰਾਜਦ ਵਿਚ ਗਏ ਸਨ, ਉਨ੍ਹਾਂ ਵਿਚ 3 ਨੂੰ ਟਿਕਟਾਂ ਨਹੀਂ ਮਿਲੀਆਂ ਅਤੇ ਇਕ ਨੂੰ ਮਿਲੀ ਤਾਂ ਉਹ ਤੀਜੇ ਨੰਬਰ ’ਤੇ ਚਲਾ ਗਿਆ। 4 ਦਾ ਬਦਲਾ 24 ਸੀਟਾਂ ’ਤੇ ਲੈਣ ਦੀ ਓਵੈਸੀ ਦੀ ਸਿਆਸੀ ਅਪੀਲ ਦਾ ਜ਼ਮੀਨ ’ਤੇ ਵੀ ਅਸਰ ਦਿਖਿਆ ਹੈ। ਓਵੈਸੀ ਸੀਮਾਂਚਲ ਦੀਆਂ 24 ਸੀਟਾਂ ਦੀ ਗੱਲ ਕਰ ਰਹੇ ਸਨ। ਸੀਮਾਂਚਲ ਦੇ 4 ਜ਼ਿਲਿਆਂ ਦੀਆਂ ਦੂਜੀਆਂ ਸੀਟਾਂ ’ਤੇ ਵੀ ਓਵੈਸੀ ਦੀ ਪਾਰਟੀ ਦੇ ਉਮੀਦਵਾਰਾਂ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਕਿਤੇ ਦੂਜੇ ਨੰਬਰ ’ਤੇ, ਕਿਤੇ ਤੀਜੇ ’ਤੇ ਪਰ ਇਨ੍ਹਾਂ ਸੀਟਾਂ ’ਤੇ ਵੀ ਗਿਣਤੀ ਦੌਰਾਨ ਕਦੇ ਨਾ ਕਦੇ ਉਹ ਲੀਡ ਲੈ ਰਹੇ ਸਨ।
